ਸੂਬਾ ਸਰਕਾਰ ਪੰਜਾਬ ਨੂੰ ਮੋਹਰੀ ਸਨਅਤੀ ਸੂਬਾ ਬਣਾਉਣ ਲਈ ਵਚਨਬੱਧ: ਮਾਨ

ਸੂਬਾ ਸਰਕਾਰ ਪੰਜਾਬ ਨੂੰ ਮੋਹਰੀ ਸਨਅਤੀ ਸੂਬਾ ਬਣਾਉਣ ਲਈ ਵਚਨਬੱਧ: ਮਾਨ


ਆਤਿਸ਼ ਗੁਪਤਾ

ਚੰਡੀਗੜ੍ਹ, 26 ਮਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਵਿਕਾਸ ਲਈ ਭਰਵੇਂ ਮੌਕਿਆਂ ਵਾਲੀ ਧਰਤੀ ਦਸਦਿਆਂ ਜਰਮਨੀ ਦੇ ਨਿਵੇਸ਼ਕਾਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ ਅੱਜ ਜਰਮਨ ਸਫ਼ਾਰਤਖਾਨੇ ਦੇ ਇਕਨਾਮਿਕ ਐਂਡ ਗਲੋਬਲ ਅਫੇਅਰਜ਼ ਬਾਰੇ ਮੰਤਰੀ ਡਾ. ਸਟੀਫਨ ਕੌਚ ਤੇ ਐਨਰਜੀ ਇੰਡੀਆ ਦੇ ਮੁੱਖੀ ਡਾ. ਵਿਨਫਰਾਈਡ ਡੈਮ ਨੇ ਸ੍ਰੀ ਮਾਨ ਨਾਲ ਮੁਲਾਕਾਤ ਕੀਤੀ।

ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਇੰਜਨੀਅਰਿੰਗ, ਊਰਜਾ ਤੇ ਬਾਇਓਮਾਸ ਵਰਗੇ ਖੇਤਰਾਂ ਵਿੱਚ ਨਿਵੇਸ਼ ਲਈ ਜਰਮਨੀ ਨਾਲ ਸਹਿਯੋਗ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਨਅਤੀ ਵਿਕਾਸ ਵਿੱਚ ਪੰਜਾਬ ਨੂੰ ਮੋਹਰੀ ਸੂਬੇ ਵਜੋਂ ਉਭਾਰਨ ਲਈ ਵਚਨਬੱਧ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਇੱਕ ਅਜਿਹਾ ਢਾਂਚਾ ਬਣਾ ਲਿਆ ਹੈ, ਜਿਸ ਤਹਿਤ ਸੂਬੇ ਵਿੱਚ ਸਨਅਤ ਲਾਉਣ ਲਈ ਸਿੰਗਲ ਵਿੰਡੋ ਰਾਹੀਂ ਸਾਰੀਆਂ ਮਨਜ਼ੂਰੀਆਂ ਦਿੱਤੀਆਂ ਜਾਣਗੀਆਂ। ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਵਿਸ਼ੇਸ਼ ਨੋਡਲ ਅਫ਼ਸਰ ਵੀ ਨਿਯੁਕਤ ਕੀਤਾ ਗਿਆ ਹੈ। ਸ੍ਰੀ ਮਾਨ ਨੇ ਕਿਹਾ ਕਿ ਸੂਬੇ ਵਿੱਚ ਖ਼ਾਸ ਤੌਰ ‘ਤੇ ਜਰਮਨ ਸਨਅਤ ਸਥਾਪਤ ਕਰਨ ਲਈ ਕਲੱਸਟਰ ਬਣਾਉਣ ਵਾਸਤੇ ਸਰਕਾਰ ਤਿਆਰ ਹੈ ਅਤੇ ਪੰਜਾਬ ਨੂੰ ਵਿਕਾਸ ਦੀਆਂ ਨਵੀਆਂ ਲੀਹਾਂ ‘ਤੇ ਤੋਰਨ ਲਈ ਨਿਵੇਸ਼ਕਾਂ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਜਰਮਨ ਨਿਵੇਸ਼ਕਾਂ ਦੇ ਕਈ ਪ੍ਰਾਜੈਕਟ ਪਹਿਲਾਂ ਹੀ ਵਿਚਾਰ-ਅਧੀਨ ਹਨ। ਇਸ ਦੌਰਾਨ ਮੁੱਖ ਮੰਤਰੀ ਦੇ ਸਹਿਯੋਗ ਅਤੇ ਤਾਲਮੇਲ ਦੇ ਭਰੋਸੇ ਮਗਰੋਂ ਡਾ. ਸਟੀਫਨ ਕੌਚ ਅਤੇ ਡਾ. ਵਿਨਫਰਾਈਡ ਡੈਮ ਨੇ ਕਿਹਾ ਕਿ ਪੰਜਾਬ ‘ਚ ਸਨਅਤੀ ਵਿਕਾਸ ਦੀਆਂ ਵੱਡੀਆਂ ਸੰਭਾਵਨਾਵਾਂ ਹਨ।

ਬਰਤਾਨੀਆ ਦੇ ਹਾਈ ਕਮਿਸ਼ਨਰ ਨਾਲ ਮੁਲਾਕਾਤ

ਮੁੱਖ ਮੰਤਰੀ ਭਗਵੰਤ ਮਾਨ ਨੇ ਬਰਤਾਨੀਆ ਦੇ ਹਾਈ ਕਮਿਸ਼ਨਰ ਐਲਕਸ ਐਲਿਸ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪੰਜਾਬ ਤੇ ਬਰਤਾਨੀਆ ਨੇ ਖੇਤੀਬਾੜੀ, ਸੂਚਨਾ ਤੇ ਤਕਨਾਲੋਜੀ (ਆਈਟੀ), ਫੂਡ ਪ੍ਰਾਸੈਸਿੰਗ, ਉੱਚੇਰੀ ਸਿੱਖਿਆ, ਖੇਡਾਂ, ਇਲੈਕਟ੍ਰਿਕ ਬੱਸਾਂ ਅਤੇ ਬਾਇਓਮਾਸ ਵਰਗੇ ਖੇਤਰਾਂ ‘ਚ ਹੋਰ ਸਹਿਯੋਗ ਵਧਾਉਣ ਲਈ ਸਹਿਮਤੀ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਰਤਾਨੀਆ ਕੋਲ ਮੌਜੂਦ ਆਧੁਨਿਕ ਤਕਨੀਕ ਰਾਹੀਂ ਪੰਜਾਬ ‘ਚ ਲੁਕਿਆ ਹੋਇਆ ਹੁਨਰ ਹੋਰ ਉਜਾਗਰ ਹੋ ਸਕੇਗਾ। ਸ੍ਰੀ ਮਾਨ ਨੇ ਕਿਹਾ ਕਿ ਉਹ ਪਹਿਲਾਂ ਹੀ ਵੱਡੀ ਗਿਣਤੀ ਬਰਤਾਨਵੀ ਨਿਵੇਸ਼ਕਾਂ ਦੇ ਸੰਪਰਕ ਵਿੱਚ ਹਨ, ਜੋ ਸੂਬੇ ਵਿੱਚ ਨਿਵੇਸ਼ ਕਰਨ ਦੇ ਇੱਛੁਕ ਹਨ। ਇਸ ਮੌਕੇ ਸ੍ਰੀ ਮਾਨ ਨੇ ਬਰਤਾਨੀਆ ਹਾਈ ਕਮਿਸ਼ਨਰ ਕੋਲ ਚੰਡੀਗੜ੍ਹ ਤੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਵਿਚਾਲੇ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਇਹ ਉਡਾਣਾਂ ਪੰਜਾਬੀਆਂ ਲਈ ਪੱਛਮ ਦੇ ਦੁਆਰ ਵਜੋਂ ਕੰਮ ਕਰਨਗੀਆਂ। ਸ੍ਰੀ ਮਾਨ ਨੇ ਕਿਹਾ ਕਿ ਕਈ ਏਅਰਲਾਈਨਾਂ ਦੇ ਪ੍ਰਬੰਧਕ ਉਨ੍ਹਾਂ ਦੇ ਸੰਪਰਕ ਵਿੱਚ ਹਨ ਤੇ ਮਨਜ਼ੂਰੀ ਮਿਲਣ ਮਗਰੋਂ ਇੱਥੋਂ ਉਡਾਣਾਂ ਸ਼ੁਰੂ ਹੋ ਜਾਣਗੀਆਂ। ਇਸ ਮੌਕੇ ਐਲਕਸ ਐਲਿਸ ਨੇ ਸ੍ਰੀ ਮਾਨ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।



Source link