ਅਣਹੋਣੀ: ਜੋਬਨ ਰੁੱਤੇ ਖ਼ਾਮੋਸ਼ ਹੁੰਦੇ ਰਹੇ ਪੰਜਾਬ ਦੇ ਬੋਲ…!

ਅਣਹੋਣੀ: ਜੋਬਨ ਰੁੱਤੇ ਖ਼ਾਮੋਸ਼ ਹੁੰਦੇ ਰਹੇ ਪੰਜਾਬ ਦੇ ਬੋਲ…!


ਚਰਨਜੀਤ ਭੁੱਲਰ

ਚੰਡੀਗੜ੍ਹ, 30 ਮਈ

ਪੰਜਾਬ ਵਿੱਚ ਕਲਮਾਂ ਅਤੇ ਬੋਲਾਂ ਦੇ ਕਤਲ ਕੋਈ ਨਵੇਂ ਨਹੀਂ ਹਨ। ਇਨ੍ਹਾਂ ਹਮਲਿਆਂ ਦੇ ਮਕਸਦ ਵੱਖੋ-ਵੱਖਰੇ ਰਹੇ ਹਨ। ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ 29 ਸਾਲ ਦੀ ਉਮਰ ‘ਚ ਕਤਲ ਕਰ ਦਿੱਤਾ ਗਿਆ। ਉਸ ਦੀ ਗਾਇਕੀ ਨੂੰ ਨਾਪਸੰਦ ਕਰਨ ਵਾਲੇ ਬਹੁਤ ਸਨ, ਉਸ ਤੋਂ ਵੱਧ ਪ੍ਰਸ਼ੰਸਕ ਵੀ ਸਨ।

ਸਿੱਧੂ ਮੂਸੇਵਾਲਾ ਆਪਣੀ ਗਾਇਕੀ ਦੀ ਉਮਰ ਦੌਰਾਨ ਕਿਸੇ ਨਾ ਕਿਸੇ ਵਿਵਾਦ ਨਾਲ ਵੀ ਜੁੜੇ ਰਹੇ।

ਗੱਲ ਪਿਛਾਂਹ ਤੋਂ ਸ਼ੁਰੂ ਕਰਦੇ ਹਾਂ। ਪੰਜਾਬ ਦੇ ਕਾਲੇ ਦੌਰ ਵਿੱਚ ਇਨਕਲਾਬੀ ਕਵੀ ਅਵਤਾਰ ਸਿੰਘ ਸੰਧੂ ਉਰਫ਼ ਪਾਸ਼ ਦਾ 23 ਮਾਰਚ, 1988 ਨੂੰ ਜੱਦੀ ਪਿੰਡ ਤਲਵੰਡੀ ਸਲੇਮ ਵਿੱਚ ਕਤਲ ਹੋਇਆ। ਉਦੋਂ ਉਨ੍ਹਾਂ ਦੀ ਉਮਰ 38 ਸਾਲ ਸੀ। ਪਾਸ਼ ਦੀ ਲੇਖਣੀ ਨੂੰ ਕਿਸੇ ਨਵੇਂ ਪੁਰਾਣੇ ਨਾਲ ਮੇਲਿਆ ਨਹੀਂ ਜਾ ਸਕਦਾ। ਪਾਸ਼ ਨੇ 1987 ਵਿੱਚ ਕਵਿਤਾ ਲਿਖੀ, ‘ਸਭ ਤੋਂ ਖ਼ਤਰਨਾਕ ਹੁੰਦਾ ਹੈ, ਸਾਡੇ ਸੁਪਨਿਆਂ ਦਾ ਮਰ ਜਾਣਾ’, ਬੇਹੱਦ ਮਕਬੂਲ ਹੋਈ। ਬੇਸ਼ੱਕ ਕਾਲੇ ਦੌਰ ਨੇ ਮਹਾਨ ਕਵੀ ਨੂੰ ਜੁਦਾ ਕਰ ਦਿੱਤਾ ਲੇਕਿਨ ਉਨ੍ਹਾਂ ਦੀ ਹਰ ਰਚਨਾ ਦੀ ਉਮਰ ਸਦੀਵੀ ਹੈ।

ਕਾਲੇ ਸਮਿਆਂ ਵਿੱਚ ਪੰਜਾਬ ‘ਚ 1988 ਦੇ ਉਸੇ ਮਾਰਚ ਮਹੀਨੇ ਨੌਜਵਾਨ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਸ ਦੀ ਸਾਥਣ ਬੀਬਾ ਅਮਰਜੋਤ ਕੌਰ ਤੋਂ ਇਲਾਵਾ ਦੋ ਸਾਜ਼ਿੰਦਿਆਂ ਦਾ ਵੀ ਕਤਲ ਹੋਇਆ। ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਜਦੋਂ ਪਿੰਡ ਮਹਿਸਾਸਪੁਰ ਵਿੱਚ 8 ਮਾਰਚ 1988 ਨੂੰ ਦੁਪਹਿਰ ਦੋ ਵਜੇ ਅਖਾੜਾ ਲਗਾ ਰਹੇ ਸਨ ਤਾਂ ਉਨ੍ਹਾਂ ਨੂੰ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਦਿੱਤੀਆਂ ਸਨ। ਚਮਕੀਲੇ ਦੀ ਗਾਇਕੀ ਕਿਸ ਪੱਧਰ ਦੀ ਸੀ, ਵੱਖਰਾ ਮਾਮਲਾ ਹੈ, ਉਸ ਦੀ ਮਕਬੂਲੀਅਤ ਦੀ ਉਨ੍ਹਾਂ ਸਮਿਆਂ ਦੇ ਪੇਂਡੂ ਪੰਜਾਬ ਵਿੱਚ ਤੂਤੀ ਬੋਲਦੀ ਸੀ। ਅੱਜ ਵੀ ਚਮਕੀਲਾ ਦੇ ਗੀਤ ਖੇਤਾਂ ਦੀਆਂ ਮੋਟਰਾਂ ‘ਤੇ ਵੱਜਦੇ ਹਨ।

ਪੰਜਾਬੀ ਫਿਲਮੀ ਅਦਾਕਾਰ ਵਰਿੰਦਰ ਜਿਸ ਨੇ 12 ਵਰ੍ਹਿਆਂ ਦੇ ਫ਼ਿਲਮੀ ਸਫ਼ਰ ਦੌਰਾਨ 25 ਦੇ ਕਰੀਬ ਮਕਬੂਲ ਪੰਜਾਬੀ ਫ਼ਿਲਮਾਂ ਦਿੱਤੀਆਂ, ਵੀ 6 ਦਸੰਬਰ 1988 ਨੂੰ ਗੋਲੀਆਂ ਦਾ ਸ਼ਿਕਾਰ ਹੋ ਗਿਆ ਸੀ। ਵਰਿੰਦਰ ਦੀ ਫਿਲਮ ‘ਜੱਟ ਤੇ ਜ਼ਮੀਨ’ ਦੀ ਲੁਧਿਆਣਾ ਦੇ ਪਿੰਡ ਤਲਵੰਡੀ ਵਿੱਚ ਸ਼ੂਟਿੰਗ ਚੱਲ ਰਹੀ ਸੀ। ਅਣਪਛਾਤਿਆਂ ਨੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ। ਉਸ ਦਾ ਚਿਹਰਾ-ਮੋਹਰਾ ਧਰਮਿੰਦਰ ਨਾਲ ਮੇਲ ਖਾਂਦਾ ਸੀ।

ਪੰਜਾਬੀ ਗਾਇਕ ਦਿਲਸ਼ਾਦ ਅਖ਼ਤਰ ਨੂੰ ਵੀ ਇਸੇ ਰਾਹ ਜਾਣਾ ਪਿਆ ਸੀ। ਉਨ੍ਹਾਂ ਦਿਨਾਂ ਵਿੱਚ ਕਾਲਜਾਂ ਤੇ ‘ਵਰਸਿਟੀਆਂ ਦੇ ਹੋਸਟਲਾਂ ਵਿੱਚ ਦਿਲਸ਼ਾਦ ਅਖ਼ਤਰ ਦੇ ਗੀਤਾਂ ਦੀ ਧਮਕ ਪੈਂਦੀ ਸੀ। 30 ਵਰ੍ਹਿਆਂ ਦੀ ਉਮਰ ਹੀ ਦਿਲਸ਼ਾਦ ਅਖ਼ਤਰ ਜ਼ਿੰਦਗੀ ਤੋਂ ਹੱਥ ਧੋ ਬੈਠਿਆ ਸੀ। ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਵਿਆਹ ਦੇ ਪ੍ਰੋਗਰਾਮ ਵਿੱਚ ਇੱਕ ਸ਼ਰਾਬੀ ਡੀਐੱਸਪੀ ਨੇ ਏਕੇ 47 ਨਾਲ ਬੁਛਾੜ ਕਰਕੇ ਨੌਜਵਾਨ ਗਾਇਕ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ। ਇਹ ਘਟਨਾ 28 ਜਨਵਰੀ, 1996 ਨੂੰ ਵਾਪਰੀ ਸੀ, ਜਦੋਂ ਸ਼ਰਾਬੀ ਡੀਐਸਪੀ ਨੇ ਜ਼ਿੱਦ ਕੀਤੀ ਕਿ ਦਿਲਸ਼ਾਦ ‘ਨੱਚੀ ਜੋ ਸਾਡੇ ਨਾਲ’ ਗੀਤ ਸੁਣਾਵੇ। ਦਿਲਸ਼ਾਦ ਅਖ਼ਤਰ ਨੇ ਇਸ ਕਰਕੇ ਨਾਂਹ ਕਰ ਦਿੱਤੀ ਕਿ ਉਹ ਕਿਸੇ ਹੋਰ ਗਾਇਕ ਦਾ ਗੀਤ ਨਹੀਂ ਗਾਉਂਦਾ ਕਿਉਂਕਿ ਇਹ ਗੀਤ ਹੰਸ ਰਾਜ ਹੰਸ ਦਾ ਗਾਇਆ ਹੋਇਆ ਸੀ। ਹੋਰ ਕਿੰਨੇ ਹੀ ਕਲਮਾਂ ਵਾਲੇ ਅਤੇ ਗਾਇਕ ਹਮਲਿਆਂ ਵਿਚ ਸ਼ਿਕਾਰ ਹੋਏ ਹਨ।



Source link