ਬਾਇਡਨ ਤੇ ਆਰਡਰਨ ਪ੍ਰਸ਼ਾਂਤ ਖਿੱਤੇ ’ਚ ਚੀਨ ਦੇ ਵਧਦੇ ਪ੍ਰਭਾਵ ਤੋਂ ਚਿੰਤਤ

ਬਾਇਡਨ ਤੇ ਆਰਡਰਨ ਪ੍ਰਸ਼ਾਂਤ ਖਿੱਤੇ ’ਚ ਚੀਨ ਦੇ ਵਧਦੇ ਪ੍ਰਭਾਵ ਤੋਂ ਚਿੰਤਤ


ਵਾਸ਼ਿੰਗਟਨ, 1 ਜੂਨ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਪ੍ਰਸ਼ਾਂਤ ਖਿੱਤੇ ਵਿੱਚ ਚੀਨ ਦੇ ਵਧਦੇ ਪ੍ਰਭਾਵ ‘ਤੇ ਵੱਡੀ ਫਿਕਰਮੰਦੀ ਜ਼ਾਹਿਰ ਕੀਤੀ ਹੈ। ਅਮਰੀਕੀ ਸਦਰ ਨੇ ਓਵਲ ਆਫ਼ਿਸ ਪੁੱਜੀ ਆਰਡਰਨ ਦਾ ਸਵਾਗਤ ਕਰਦਿਆਂ ਕਿਹਾ ਕਿ ਵਾਸ਼ਿੰਗਟਨ ਦੀ ਇਸ ਖਿੱਤੇ ‘ਤੇ ਹੁਕਮ ਚਲਾਉਣ ਜਾਂ ਆਪਣੀਆਂ ਸ਼ਰਤਾਂ ਮਨਵਾਉਣ ਦੀ ਕੋਈ ਇੱਛਾ ਨਹੀਂ ਹੈ। ਇਕ ਸਾਂਝੇ ਬਿਆਨ ਵਿੱਚ ਦੋਵਾਂ ਆਗੂਆਂ ਨੇ ਚੀਨ ਤੇ ਸੋਲੋਮਨ ਟਾਪੂਆਂ ਦਰਮਿਆਨ ਹੋਏ ਹਾਲੀਆ ਸੁਰੱਖਿਆ ਕਰਾਰ ‘ਤੇ ਵੀ ਚਿੰਤਾ ਜ਼ਾਹਿਰ ਕੀਤੀ। ਅਮਰੀਕਾ ਫੇਰੀ ‘ਤੇ ਪੁੱਜੀ ਆਰਡਰਨ ਨੇ ਬਾਇਡਨ ਨਾਲ ਮੁਲਾਕਾਤ ਦੌਰਾਨ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਵਪਾਰ, ਵਾਤਾਵਰਨ ਤੇ ਸੁਰੱਖਿਆ ਜਿਹੇ ਮੁੱਦਿਆਂ ਸਣੇ ਯੂਕਰੇਨ ਤੇ ਆਲਮੀ ਅਰਥਚਾਰੇ ਬਾਰੇ ਵੀ ਚਰਚਾ ਕੀਤੀ।

ਇਸ ਤੋਂ ਪਹਿਲਾਂ ਅਮਰੀਕੀ ਸਦਰ ਨੇ ਓਵਾਲਦੇ, ਟੈਕਸਸ ਤੇ ਬਫਲੋ (ਨਿਊ ਯਾਰਕ) ਵਿੱਚ ਹਾਲੀਆ ਗੋਲੀਬਾਰੀ ਦੀਆਂ ਘਟਨਾਵਾਂ ਦੇ ਹਵਾਲੇ ਨਾਲ ਗੰਨ ਕਾਨੂੰਨ ਦੀ ਨਕੇਲ ਕੱਸਣ ਬਾਰੇ ਸੰਸਦ ਮੈਂਬਰਾਂ ਨੂੰ ਮਨਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਰਮਿਆਨ ਘਰੇਲੂ ਕੱਟੜਵਾਦ ਨੂੰ ਨੱਥ ਪਾਉਣ ਵਿੱਚ ਮਿਲੀ ਸਫ਼ਲਤਾ ਲਈ ਜੈਸਿੰਡਾ ਆਰਡਰਨ ਦੀ ਤਾਰੀਫ਼ ਕੀਤੀ। ਕਾਬਿਲੇਗੌਰ ਹੈ ਕਿ 2019 ‘ਚ ਗੋਰੇ ਬੰਦੂਕਧਾਰੀ ਵੱਲੋਂ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ਨੂੰ ਨਿਸ਼ਾਨਾ ਬਣਾਉਂਦਿਆਂ ਕੀਤੀ ਗੋਲੀਬਾਰੀ, ਜਿਸ ਵਿੱਚ 51 ਮੁਸਲਿਮ ਸ਼ਰਧਾਲੂਆਂ ਦੀ ਜਾਨ ਜਾਂਦੀ ਰਹੀ ਸੀ, ਮਗਰੋਂ ਜੈਸਿੰਡਾ ਅਰਾਡਰਨ ਨੇ ਗੰਨ ਕਾਨੂੰਨ ਦੀ ਨਕੇਲ ਕੱਸਣ ਲਈ ਕੀਤੇ ਉਪਰਾਲਿਆਂ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਬਾਇਡਨ ਨੇ ਆਰਡਰਨ ਨਾਲ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨੂੰ ਦੱਸਿਆ, ”ਜਲਦੀ ਹੀ ਗੰਨ ਕਾਨੂੰਨ ਨੂੰ ਲੈ ਕੇ ਸੰਸਦ ਮੈਂਬਰਾਂ ਨੂੰ ਮਿਲਾਂਗਾ। ਮੈਂ ਵਾਅਦਾ ਕਰਦਾ ਹਾਂ।” ਪੀਟੀਆਈ/ਰਾਇਟਰਜ਼

ਚੀਨ ਵੱਲੋਂ ਸਾਂਝੇ ਬਿਆਨ ਦੀ ਨਿਖੇਧੀ

ਪੇਈਚਿੰਗ: ਚੀਨ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕਾ ਤੇ ਨਿਊਜ਼ੀਲੈਂਡ ਦੇ ਆਗੂਆਂ ਵੱਲੋਂ (ਚੀਨ ਦੇ) ਸ਼ਿਨਜਿਆਂਗ ਸੂਬੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਹਾਂਗ ਕਾਂਗ ਦੇ ਲੋਕਾਂ ਦੀ ਆਜ਼ਾਦੀ ‘ਤੇ ਡਾਕੇ ਨੂੰ ਲੈ ਕੇ ਜਾਰੀ ਕੀਤੇ ਸਾਂਝੇ ਬਿਆਨ ਦੀ ਨਿਖੇਧੀ ਕੀਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਾਓ ਲਿਜਿਆਨ ਨੇ ਕਿਹਾ ਕਿ ਉਪਰੋਕਤ ਸਾਂਝਾ ਬਿਆਨ ਚੀਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਤੇ ਇਸ ਦੇ ਅੰਦਰੂਨੀ ਮਾਮਲਿਆਂ ‘ਚ ਸਿੱਧਾ ਤੇ ਗੰਭੀਰ ਦਖ਼ਲ ਹੈ। ਜ਼ਾਓ ਨੇ ਕਿਹਾ ਕਿ ਤਾਇਵਾਨ, ਸ਼ਿਨਜਿਆਂਗ ਤੇ ਹਾਂਗਕਾਂਗ ਉਸ ਦੇ ਅੰਦਰੂਨੀ ਮਸਲੇ ਹਨ। -ਰਾਇਟਰਜ਼



Source link