ਸਰਬਜੀਤ ਭੰਗੂ/ਜੈਸਮੀਨ ਭਾਰਦਵਾਜ
ਪਟਿਆਲਾ/ਨਾਭਾ 3 ਜੂਨ
ਕੁਝ ਸਮਾਂ ਪਹਿਲਾਂ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ‘ਚ ਤਾਇਨਾਤ ਰਹੇ ਡਿਪਟੀ ਸੁਪਰਡੈਂਟ ਪ੍ਰਭਜੋਤ ਸਿੰਘ ਖ਼ਿਲਾਫ਼ ਜੇਲ੍ਹ ਵਿਚਲੇ ਕੈਦੀ ਤੋਂ ਰਿਸ਼ਵਤ ਮੰਗਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਥਾਣਾ ਸਦਰ ਨਾਭਾ ਵਿੱਚ ਦਰਜ ਹੋਇਆ ਹੈ। ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਵਿੱਚ ਬੰਦ ਭਵਨੀਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਵੱਲੋਂ ਡੀਜੀਪੀ ਜੇਲ੍ਹਾਂ ਨੂੰ ਸ਼ਿਕਾਇਤ ਦਿੱਤੀ ਗਈ ਸੀ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਡਿਪਟੀ ਸੁਪਰਡੈਂਟ ਨੇ ਉਸ ਦੇ ਲੜਕੇ ਪਾਸੋਂ ਦੋ ਲੱਖ ਰੁਪਏ ਦੀ ਕਥਿਤ ਰਿਸ਼ਵਤ ਮੰਗ ਕੀਤੀ ਸੀ। ਏਡੀਜੀਪੀ ਜੇਲ੍ਹਾਂ ਵੀਰੇਂਦਰ ਕੁਮਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤਹਿਤ ਡਿਪਟੀ ਸੁਪਰਡੈਂਟ ਪ੍ਭਜੋਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਕੇਸ ਦਰਜ ਹੋਣ ਤੋਂ ਬਾਅਦ ਇਸ ਡਿਪਟੀ ਸੁਪਰਡੈਂਟ ਦੀ ਮੁਅੱਤਲੀ ਵੀ ਤੈਅ ਹੈ ਪਰ ਦੁਪਹਿਰ ਤੱਕ ਮੁਅੱਤਲੀ ਦਾ ਕੋਈ ਹੁਕਮ ਚੰਡੀਗੜ੍ਹ ਤੋਂ ਨਹੀਂ ਸੀ ਆਇਆ। ਇਹ ਡਿਪਟੀ ਸੁਪਰਡੈਂਟ ਪ੍ਰਭਜੋਤ ਸਿੰਘ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਵਿਖੇ ਨਹੀਂ ਬਲਕਿ ਜੇਲ੍ਹ ਵਿਭਾਗ ਦੇ ਚੰਡੀਗੜ੍ਹ ਵਿਖੇ ਸਥਿਤ ਮੁੱਖ ਦਫ਼ਤਰ ਵਿੱਚ ਤਾਇਨਾਤ ਹੈ। ਪਟਿਆਲਾ ਦੇ ਐੱਸਐੱਸਪੀ ਦੀਪਕ ਪਾਰਿਖ ਨੇ ਇਸ ਡਿਪਟੀ ਸੁਪਰਡੈਂਟ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਰਾਵਾਂ ਦੇ ਤਹਿਤ ਨਾਭਾ ਪੁਲੀਸ ਵੱਲੋਂ ਕੇਸ ਦਰਜ ਕਰਨਦੀ ਪੁਸ਼ਟੀ ਕੀਤੀ ਹੈ।