ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 10 ਜੂਨ
ਪੰਜਾਬ ਨੂੰ ਆਲਮੀ ਨਕਸ਼ੇ ‘ਤੇ ਲਿਆਉਣ, ਸੈਰ-ਸਪਾਟੇ ਨੂੰ ਹੁਲਾਰਾ ਦੇਣ ਅਤੇ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪਠਾਨਕੋਟ ਦੀ ਰਣਜੀਤ ਸਾਗਰ ਝੀਲ ਨੂੰ ਕੌਮਾਂਤਰੀ ਪੱਧਰ ਦੇ ਸੈਰ ਸਪਾਟਾ ਸਥਾਨ ਵਜੋਂ ਵਿਕਸਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਪੰਜਾਬ ਨੂੰ ਸੈਰ-ਸਪਾਟੇ ਦਾ ਕੇਂਦਰ ਬਣਾਉਣ ਲਈ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਅੱਜ ਨਵੀਂ ਦਿੱਲੀ ਵਿਖੇ ਨਿਵੇਸ਼ਕ ਸੰਮੇਲਨ ਕੀਤਾ ਤਾਂ ਜੋ ਸੂਬੇ ਵਿੱਚ ਸੈਰ ਸਪਾਟਾ ਅਤੇ ਹੋਰ ਖੇਤਰਾਂ ਵਿੱਚ ਪ੍ਰਾਈਵੇਟ ਸੈਕਟਰ ਨੂੰ ਨਿਵੇਸ਼ ਕਰਨ ਦਾ ਸੱਦਾ ਦਿੱਤਾ ਜਾ ਸਕੇ। ਸੰਮੇਲਨ ਦੌਰਾਨ ਜਿੱਥੇ ਰਣਜੀਤ ਸਾਗਰ ਝੀਲ ਨੂੰ ਅੰਤਰਰਾਸ਼ਟਰੀ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ, ਉਥੇ ਹੀ ਸੈਰ ਸਪਾਟਾ ਸਥਾਨਾਂ ਵਜੋਂ ਵਿਕਸਤ ਕੀਤੇ ਜਾਣ ਦੀ ਸੰਭਾਵਨਾ ਵਾਲੇ ਕਈ ਹੋਰ ਪ੍ਰਾਜੈਕਟ ਵੀ ਪ੍ਰਦਰਸ਼ਿਤ ਕੀਤੇ ਗਏ। ਹੋਰ ਪ੍ਰਾਜੈਕਟਾਂ ਵਿੱਚ ਕਪੂਰਥਲਾ ਵਿੱਚ ਦਰਬਾਰ ਹਾਲ ਅਤੇ ਗੋਲ ਕੋਠੀ, ਸੰਗਰੂਰ ਵਿੱਚ ਸੰਗਰੂਰ ਕੋਠੀ, ਅੰਮ੍ਰਿਤਸਰ ਅਤੇ ਮੁਹਾਲੀ ਵਿਚ ਕਨਵੈਨਸ਼ਨ ਸੈਂਟਰ, ਸ਼ਾਹਪੁਰ ਕੰਢੀ ਦਾ ਕਿਲ੍ਹਾ ਸ਼ਾਮਲ ਹਨ। ਹਰਿਆਲੀ ਅਤੇ ਪਹਾੜੀਆਂ ਨਾਲ ਘਿਰੀ ਰਣਜੀਤ ਸਾਗਰ ਝੀਲ ਨਾਲ 74.76 ਏਕੜ ਵਿੱਚ ਫੈਲੀ ਇਸ ਸਾਈਟ ਵਿੱਚ ਸੈਰ-ਸਪਾਟੇ ਦੀ ਬਹੁਤ ਸੰਭਾਵਨਾ ਹੈ ਕਿਉਂਕਿ ਇਹ ਡਲਹੌਜ਼ੀ ਦੇ ਰਸਤੇ ਵਿੱਚ ਸਥਿਤ ਹੈ ਅਤੇ ਮਸ਼ਹੂਰ ਸੈਰ ਸਪਾਟਾ ਸਥਾਨਾਂ ਧਰਮਸ਼ਾਲਾ, ਪਾਲਮਪੁਰ, ਚੰਬਾ ਅਤੇ ਵੈਸ਼ਨੋ ਦੇਵੀ ਕਟੜਾ ਦੇ ਨੇੜੇ ਹੈ।
ਪੰਜਾਬ ਦੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਪਠਾਨਕੋਟ ਦੀ ਰਣਜੀਤ ਸਾਗਰ ਝੀਲ ਨੂੰ ਜਨਤਕ ਨਿੱਜੀ ਭਾਈਵਾਲੀ ਤਹਿਤ ਅਤਿ-ਆਧੁਨਿਕ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕੀਤਾ ਜਾਵੇਗਾ, ਜਿਸ ਲਈ ਸੂਬਾ ਸਰਕਾਰ ਨੇ ਪਹਿਲਾਂ ਹੀ ਵਾਤਾਵਰਣ ਅਤੇ ਜੰਗਲਾਤ ਪੜਾਅ-1 ਸਬੰਧੀ ਮਨਜ਼ੂਰੀ ਪ੍ਰਾਪਤ ਕਰ ਲਈ ਹੈ। ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਸ੍ਰੀ ਤਿਵਾੜੀ ਨੇ ਉਨ੍ਹਾਂ ਨੂੰ ਸੂਬੇ ਦੁਆਰਾ ਅਪਣਾਈ ਗਈ ‘ਈਜ਼ ਆਫ਼ ਡੂਇੰਗ ਬਿਜ਼ਨਸ’ ਨੀਤੀ ਬਾਰੇ ਵੀ ਜਾਣੂ ਕਰਵਾਇਆ।
ਇਸ ਸੰਮੇਲਨ ਵਿੱਚ ਸੈਰ-ਸਪਾਟਾ ਖੇਤਰ ਦੀਆਂ ਨਾਮਵਰ ਸੰਸਥਾਵਾਂ ਆਈਟੀਸੀ ਹਾਸਪਿਟੈਲਿਟੀ, ਤਾਜ, ਮਹਿੰਦਰਾ ਹੋਲੀਡੇਜ਼, ਮੈਰੀਅਟ, ਹਯਾਤ, ਪਾਰਕ, ਸੀਜੀਐਚ ਅਰਥ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਹਿੱਸਾ ਲਿਆ। ਸੈਰ ਸਪਾਟਾ ਖੇਤਰ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਦਾ ਉਦੇਸ਼ ਸੂਬੇ ਵਿੱਚ ‘ਰਿਸਪਾਂਸੀਬਲ ਟੂਰਿਜ਼ਮ’ ਨੂੰ ਸਰਗਰਮੀ ਨਾਲ ਸਮਰਥਨ ਦੇ ਕੇ ਵਾਤਾਵਰਣ ਸਬੰਧੀ ਸੰਵੇਦਨਸ਼ੀਲ ਸੈਰ-ਸਪਾਟਾ ਸਥਾਨਾਂ ਨੂੰ ਵਿਕਸਤ ਕਰਨਾ ਹੈ। ਇਸ ਮੌਕੇ ਸੈਰ ਸਪਾਟਾ ਮੰਤਰਾਲੇ (ਭਾਰਤ ਸਰਕਾਰ) ਦੇ ਵਧੀਕ ਸਕੱਤਰ ਰਾਕੇਸ਼ ਕੁਮਾਰ ਵਰਮਾ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਸ੍ਰੀ ਅਜੇ ਕੁਮਾਰ ਸਿਨਹਾ, ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਦੇ ਮੈਨੇਜਿੰਗ ਡਾਇਰੈਕਟਰ ਮੁਹੰਮਦ ਤਇਅਬ, ਪੀਆਈਡੀਬੀ ਦੇ ਵਧੀਕ ਮੈਨੇਜਿੰਗ ਡਾਇਰੈਕਟਰ ਯਸ਼ਨਜੀਤ ਸਿੰਘ, ਇਨਵੈਸਟ ਪੰਜਾਬ ਦੇ ਵਧੀਕ ਸੀਈਓ ਉਮਾ ਸ਼ੰਕਰ ਗੁਪਤਾ ਅਤੇ ਸੈਰ ਸਪਾਟਾ ਪੰਜਾਬ ਵਿਭਾਗ ਦੇ ਸਲਾਹਕਾਰ ਸ਼ਿਵਦੁਲਾਰ ਸਿੰਘ ਢਿੱਲੋਂ ਹਾਜ਼ਰ ਸਨ।