ਸ਼ਰਾਬ ਦੇ ਠੇਕੇਦਾਰਾਂ ਵੱਲੋਂ ਆਬਕਾਰੀ ਨੀਤੀ ਦਾ ਬਾਈਕਾਟ

ਸ਼ਰਾਬ ਦੇ ਠੇਕੇਦਾਰਾਂ ਵੱਲੋਂ ਆਬਕਾਰੀ ਨੀਤੀ ਦਾ ਬਾਈਕਾਟ


ਗਗਨਦੀਪ ਅਰੋੜਾ

ਲੁਧਿਆਣਾ, 11 ਜੂਨ

ਸੂਬੇ ਵਿਚਲੇ ਸ਼ਰਾਬ ਦੇ ਠੇਕੇਦਾਰਾਂ ਵੱਲੋਂ ‘ਆਪ’ ਸਰਕਾਰ ਵੱਲੋਂ ਜਾਰੀ ਕੀਤੀ ਗਈ ਨਵੀਂ ਆਬਕਾਰੀ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਲੁਧਿਆਣਾ ਵਿੱਚ ਠੇਕੇਦਾਰਾਂ ਨੇ ਅੱਜ ਇੱਕ ਪੱਤਰਕਾਰ ਮਿਲਣੀ ਦੌਰਾਨ ਇਸ ਪਾਲਿਸੀ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।

ਸ਼ਰਾਬ ਠੇਕੇਦਾਰ ਯੂਨੀਅਨ ਪੰਜਾਬ ਦੇ ਨੁਮਾਇੰਦਿਆਂ ਨੇ ਅੱਜ ਇੱਥੇ ਕੀਤੀ ਪ੍ਰੈੱਸ ਮਿਲਣੀ ਦੌਰਾਨ ਦੋਸ਼ ਲਾਇਆ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਆਪਣੇ ਕਿਸੇ ਨੇੜਲਿਆਂ ਨੂੰ ਪੂਰੇ ਪੰਜਾਬ ਦਾ ਐੱਲ-1 ਦੇਣ ਦੀ ਤਿਆਰੀ ਵਿੱਚ ਹੈ। ਉਹ ਸਾਰਾ ਕੰਮ ਕੈਸ਼ ‘ਤੇ ਕਰਨ ਦੀ ਗੱਲ ਆਖ ਰਹੇ ਹਨ, ਜਿਸ ਨਾਲ ਇੱਕ ਕਾਰੋਬਾਰੀ ਨੂੰ ਪਹਿਲਾਂ ਸਰਕਾਰ ਨੂੰ ਦੇਣ ਲਈ 5 ਕਰੋੜ ਰੁਪਏ, ਫਿਰ ਕਰੋੜਾਂ ਰੁਪਏ ਸ਼ਰਾਬ ਲੈਣ ਲਈ ਚਾਹੀਦੇ ਹਨ। ਇਸ ਤਰ੍ਹਾਂ ਛੋਟੇ ਕਾਰੋਬਾਰੀ ਖਤਮ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪਾਲਿਸੀ ਲਿਆਉਣ ਤੋਂ ਪਹਿਲਾਂ ਸਰਕਾਰ ਨੂੰ ਠੇਕੇਦਾਰਾਂ ਨਾਲ ਸਲਾਹ ਕਰਨੀ ਚਾਹੀਦੀ ਸੀ। ਠੇਕੇਦਾਰਾਂ ਨੇ ਦੱਸਿਆ ਕਿ ਪਿਛਲੇ ਸਾਲ ਸਰਕਾਰ ਦਾ 7 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਹੋਇਆ ਸੀ ਤੇ ਉਸ ਵੇਲੇ ਦੇਸੀ ਸ਼ਰਾਬ ਦੀ ਬੋਤਲ 270 ਵਿੱਚ ਵਿਕ ਰਹੀ ਸੀ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਵੱਲੋਂ ਸੂਬੇ ‘ਚ 9600 ਕਰੋੜ ਰੁਪਏ ਦੇ ਖਜ਼ਾਨੇ ਦਾ ਟੀਚਾ ਮਿੱਥਿਆ ਗਿਆ ਹੈ, ਪਰ ਜੇਕਰ 270 ‘ਚ ਵਿਕਣ ਵਾਲੀ ਬੋਤਲ 150 ਵਿੱਚ ਵਿਕੇਗੀ ਤਾਂ ਇਹ ਟੀਚਾ ਕਿਵੇਂ ਪੂਰਾ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨਵੀਂ ਪਾਲਿਸੀ ਮੁਤਾਬਕ 730 ਰੁਪਏ ‘ਚ ਵਿਕਣ ਵਾਲੀ ਅੰਗਰੇਜ਼ੀ ਸ਼ਰਾਬ ਦੀ ਬੋਤਲ ਵੀ ਹੁਣ 370 ‘ਚ ਵੇਚਣ ਦੇ ਹੁਕਮ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸੇ ਕੀਮਤ ‘ਤੇ ਹੀ ਸ਼ਰਾਬ ਵੇਚਣੀ ਹੈ ਤਾਂ ਸਾਰੇ ਠੇਕੇ ਸਰਕਾਰੀ ਕਰ ਦਿੱਤੇ ਜਾਣ। ਇਸ ਮੌਕੇ ਠੇਕੇਦਾਰਾਂ ਨੇ ਮੀਟਿੰਗ ਕਰਕੇ ਫੈ਼ਸਲਾ ਲਿਆ ਕਿ ਸਰਕਾਰ ਦੀ ਇਸ ਪਾਲਿਸੀ ਦਾ ਬਾਈਕਾਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਚਾਰ ਦੁਕਾਨਾਂ ਦਾ ਇੱਕ ਗਰੁੱਪ 8 ਤੋਂ ਸਾਢੇ 8 ਕਰੋੜ ਵਿੱਚ ਮਿਲਦਾ ਸੀ ਤੇ ਛੋਟੇ ਵਪਾਰੀ ਵੀ ਇਸ ਵਿੱਚ ਕੰਮ ਕਰ ਲੈਂਦੇ ਸਨ, ਹੁਣ ਸਰਕਾਰ ਵੱਲੋਂ ਇਸ ਦੀ ਕੀਮਤ 35 ਕਰੋੜ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇੱਕ ਗਰੁੱਪ ਲੈਣ ਲਈ ਪਹਿਲਾਂ ਇੱਕ ਤੋਂ ਡੇਢ ਕਰੋੜ ਰੁਪਏ ਨਾਲ ਕਾਰੋਬਾਰ ਚਲ ਜਾਂਦਾ ਸੀ। ਪਰ ਹੁਣ ਸਰਕਾਰ ਨੇ 5 ਕਰੋੜ ਰੁਪਏ ਸਕਿਓਰਿਟੀ ਰੱਖ ਦਿੱਤੀ ਹੈ। ਇਸ ਤਰ੍ਹਾਂ ਛੋਟੇ ਵਪਾਰੀ ਇਸ ਕਾਰੋਬਾਰ ਤੋਂ ਬਾਹਰ ਹੋ ਜਾਣਗੇ। ਇਸ ਮੌਕੇ ਬਲਵਿੰਦਰ ਸਿੰਘ ਉਰਫ਼ ਪਿੰਦਰ ਬਰਾੜ, ਲੱਖਵਿੰਦਰ ਲੱਖਾ ਬਰਾੜ, ਅਨਿਲ ਮਹਾਜਨ, ਸੁਰਜੀਤ ਸਿੰਘ, ਅਮਰੀਕ ਸਿੰਘ, ਅਮਨ, ਵਿਜੈ, ਸਰਤਾਜ ਬਾਜਵਾ, ਮੁਕੰਦਪੁਰਾ ਤੇ ਅਨੁਪ ਕੁਮਾਰ ਮੌਜੂਦ ਸਨ।



Source link