ਰਾਸ਼ਟਰਪਤੀ ਚੋਣ ਲਈ ਸੱਦੀ ਵਿਰੋਧੀ ਧਿਰਾਂ ਦੀ ਮੀਟਿੰਗ ’ਚ ਅਕਾਲੀ ਦਲ, ਆਪ, ਟੀਆਰਐੱਸ ਤੇ ਬੀਜੇਡੀ ਦੇ ਸ਼ਾਮਲ ਨਾ ਹੋਣ ਦੀ ਸੰਭਾਵਨਾ

ਰਾਸ਼ਟਰਪਤੀ ਚੋਣ ਲਈ ਸੱਦੀ ਵਿਰੋਧੀ ਧਿਰਾਂ ਦੀ ਮੀਟਿੰਗ ’ਚ ਅਕਾਲੀ ਦਲ, ਆਪ, ਟੀਆਰਐੱਸ ਤੇ ਬੀਜੇਡੀ ਦੇ ਸ਼ਾਮਲ ਨਾ ਹੋਣ ਦੀ ਸੰਭਾਵਨਾ


ਨਵੀਂ ਦਿੱਲੀ, 15 ਜੂਨ

ਰਾਸ਼ਟਰਪਤੀ ਚੋਣਾਂ ਵਿੱਚ ਐੱਨਡੀਏ ਖ਼ਿਲਾਫ਼ ਸਾਂਝਾ ਉਮੀਦਵਾਰ ਖੜ੍ਹਾ ਕਰਨ ਬਾਰੇ ਸਹਿਮਤੀ ਬਣਾਉਣ ਲਈ ਟੀਐੱਮਸੀ ਸੁਪਰੀਮੋ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਬੁੱਧਵਾਰ ਨੂੰ ਬੁਲਾਈ ਗਈ ਵਿਰੋਧੀ ਧਿਰ ਦੀ ਮੀਟਿੰਗ ਵਿੱਚ ਟੀਆਰਐੱਸ, ਬੀਜੇਡੀ, ਆਪ ਅਤੇ ਅਕਾਲੀ ਦਲ ਵੱਲੋਂ ਸ਼ਾਮਲ ਨਾ ਹੋਣ ਦੀ ਸੰਭਾਵਨਾ ਹੈ। ਬੈਨਰਜੀ ਨੇ ਪਿਛਲੇ ਹਫ਼ਤੇ ਸੱਤ ਮੁੱਖ ਮੰਤਰੀਆਂ ਸਮੇਤ 19 ਸਿਆਸੀ ਪਾਰਟੀਆਂ ਦੇ ਆਗੂਆਂ ਨੂੰ 18 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਲਈ ਕੌਮੀ ਰਾਜਧਾਨੀ ਵਿੱਚ ਮੀਟਿੰਗ ਲਈ ਸੱਦਾ ਦਿੱਤਾ ਸੀ। ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਤਿਲੰਗਾਨਾ ਰਾਸ਼ਟਰ ਸਮਿਤੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਰਹੀਆਂ। ਬੀਜੇਡੀ ਦੇ ਨੇਤਾ ਨੇ ਕਿਹਾ ਕਿ ਪਾਰਟੀ ਨੂੰ ਹਾਲੇ ਤੱਕ ਉਨ੍ਹਾਂ ਦੇ ਮੁਖੀ ਨਵੀਨ ਪਟਨਾਇਕ ਤੋਂ ਮੀਟਿੰਗ ‘ਚ ਸ਼ਾਮਲ ਹੋਣ ਬਾਰੇ ਕੋਈ ਹਦਾਇਤ ਨਹੀਂ ਮਿਲੀ ਹੈ। ਮੀਟਿੰਗ ਵਿੱਚ ਬੁਲਾਏ ਗਏ ਪਾਰਟੀ ਆਗੂਆਂ ਵਿੱਚ ਅਰਵਿੰਦ ਕੇਜਰੀਵਾਲ (ਆਪ), ਨਵੀਨ ਪਟਨਾਇਕ (ਬੀਜੇਡੀ), ਕੇ ਚੰਦਰਸ਼ੇਖਰ ਰਾਓ (ਟੀਆਰਐੱਸ), ਐਮਕੇ ਸਟਾਲਿਨ (ਡੀਐੱਮਕੇ), ਊਧਵ ਠਾਕਰੇ (ਸ਼ਿਵ ਸੈਨਾ), ਹੇਮੰਤ ਸੋਰੇਨ (ਜੇਐੱਮਐੱਮ), ਅਖਿਲੇਸ਼ ਯਾਦਵ (ਸਪਾ), ਡੀ. ਰਾਜਾ (ਸੀਪੀਆਈ), ਸ਼ਰਦ ਪਵਾਰ (ਐੱਨਸੀਪੀ), ਲਾਲੂ ਪ੍ਰਸਾਦ (ਆਰਜੇਡੀ), ਜਯੰਤ ਚੌਧਰੀ (ਆਰਐੱਲਡੀ), ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਅਤੇ ਐੱਚਡੀ ਕੁਮਾਰਸਵਾਮੀ (ਜੇਡੀ-ਐੱਸ), ਫਾਰੂਕ ਅਬਦੁੱਲਾ (ਨੈਸ਼ਨਲ ਕਾਨਫਰੰਸ), ਮਹਿਬੂਬਾ ਮੁਫਤੀ (ਪੀਡੀਪੀ), ਸੁਖਬੀਰ ਸਿੰਘ ਬਾਦਲ (ਸ਼੍ਰੋਮਣੀ ਅਕਾਲੀ ਦਲ), ਪਵਨ ਚਾਮਲਿੰਗ (ਸਿੱਕਮ ਡੈਮੋਕਰੇਟਿਕ ਫਰੰਟ), ਕੇਐੱਮ ਕਾਦਰ ਮੋਹੀਦੀਨ (ਆਈਯੂਐੱਮਐਲ) ਸ਼ਾਮਲ ਹਨ। ਕੁੱਝ ਪਾਰਟੀਆਂ ਨੂੰ ਸੱਦਾ ਨਹੀਂ ਦਿੱਤਾ ਗਿਆ ਜਿਨ੍ਹਾਂ ਵਿੱਚ, ਬਸਪਾ ਅਤੇ ਏਆਈਐੱਮਆਈਐੱਮ ਸ਼ਾਮਲ ਹਨ।



Source link