ਸ੍ਰੀਲੰਕਾ: ਆਰਥਿਕ ਉਭਾਰ ਲਈ ਸਰਕਾਰ ਵੱਲੋਂ ਕਈ ਕੋਸ਼ਿਸ਼ਾਂ

ਸ੍ਰੀਲੰਕਾ: ਆਰਥਿਕ ਉਭਾਰ ਲਈ ਸਰਕਾਰ ਵੱਲੋਂ ਕਈ ਕੋਸ਼ਿਸ਼ਾਂ


ਕੋਲੰਬੋ, 14 ਜੂਨ

ਵਿੱਤੀ ਸੰਕਟ ਵਿਚ ਘਿਰੀ ਸ੍ਰੀਲੰਕਾ ਦੀ ਸਰਕਾਰ ਨੇ ਆਰਥਿਕ ਉਭਾਰ ਲਈ ਕਈ ਕਦਮ ਚੁੱਕੇ ਹਨ। ਸਾਲਾਨਾ ਆਮਦਨ ਦੇ ਆਧਾਰ ‘ਤੇ ਕੰਪਨੀਆਂ ਉਤੇ 2.5 ਪ੍ਰਤੀਸ਼ਤ ਸਮਾਜਿਕ ਹਿੱਸੇਦਾਰੀ ਟੈਕਸ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਜ਼ਿਆਦਾਤਰ ਸਰਕਾਰੀ ਮੁਲਾਜ਼ਮਾਂ ਨੂੰ ਛੁੱਟੀ ਕਰਨ ਦਾ ਐਲਾਨ ਕੀਤਾ ਗਿਆ ਹੈ। ਸੋਮਵਾਰ ਹੋਈ ਇਕ ਕੈਬਨਿਟ ਮੀਟਿੰਗ ਵਿਚ ਸ੍ਰੀਲੰਕਾ ਨੇ ਉਨ੍ਹਾਂ ਕੰਪਨੀਆਂ ਉਤੇ ਟੈਕਸ ਲਾਉਣ ਦਾ ਐਲਾਨ ਕੀਤਾ ਹੈ ਜਿਨ੍ਹਾਂ ਦੀ ਸਾਲਾਨਾ ਆਮਦਨ 12 ਕਰੋੜ ਜਾਂ ਇਸ ਤੋਂ ਵੱਧ ਹੈ। ਇਹ ਉਨ੍ਹਾਂ ਕੰਪਨੀਆਂ ਉਤੇ ਲਾਗੂ ਹੋਵੇਗਾ ਜੋ ਕਿ ਦਰਾਮਦ, ਨਿਰਮਾਣ, ਸੇਵਾ, ਪ੍ਰਚੂਨ ਤੇ ਥੋਕ ਖੇਤਰਾਂ ਨਾਲ ਸਬੰਧਤ ਹਨ। ਊਰਜਾ ਸੰਕਟ ਨਾਲ ਨਜਿੱਠਣ ਲਈ ਮੰਤਰੀ ਮੰਡਲ ਨੇ ਸਰਕਾਰੀ ਮੁਲਾਜ਼ਮਾਂ ਨੂੰ ਸ਼ੁੱਕਰਵਾਰ ਨੂੰ ਛੁੱਟੀ ਦੇਣ ਦਾ ਫ਼ੈਸਲਾ ਲਿਆ ਹੈ। ਹਾਲਾਂਕਿ ਇਹ ਹੁਕਮ ਸਿਹਤ, ਊਰਜਾ ਤੇ ਬਿਜਲੀ, ਸਿੱਖਿਆ ਤੇ ਰੱਖਿਆ ਖੇਤਰਾਂ ਉਤੇ ਲਾਗੂ ਨਹੀਂ ਹੋਣਗੇ। ਕੈਬਨਿਟ ਨੇ ਸਰਕਾਰੀ ਕਰਮਚਾਰੀਆਂ ਨੂੰ ਅਗਲੇ ਤਿੰਨ ਮਹੀਨਿਆਂ ਤੱਕ ਹਰ ਹਫ਼ਤੇ ਇਕ ਛੁੱਟੀ ਖੇਤੀਬਾੜੀ ਲਈ ਦੇਣ ਦਾ ਫ਼ੈਸਲਾ ਵੀ ਕੀਤਾ ਹੈ ਤਾਂ ਕਿ ਡੂੰਘੇ ਹੋ ਰਹੇ ਅਨਾਜ ਸੰਕਟ ਨਾਲ ਵੀ ਨਜਿੱਠਿਆ ਜਾ ਸਕੇ। ਜ਼ਿਕਰਯੋਗ ਹੈ ਕਿ ਸ੍ਰੀਲੰਕਾ ਵਿਚ ਪੰਪਾਂ ਉਤੇ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ। ਮੁਦਰਾ ਸੰਕਟ ਕਾਰਨ ਸਰਕਾਰ ਨੂੰ ਤੇਲ ਦਰਾਮਦ ਕਰਨ ‘ਚ ਮੁਸ਼ਕਲ ਆ ਰਹੀ ਹੈ। ਵਰਤਮਾਨ ‘ਚ ਸ੍ਰੀਲੰਕਾ ਦੇ ਸਿਰ ਵੱਡਾ ਵਿਦੇਸ਼ੀ ਕਰਜ਼ਾ ਖੜ੍ਹਾ ਹੈ ਤੇ ਮੁਲਕ ਦੀਵਾਲੀਆ ਹੋਣ ਦੀ ਕਗਾਰ ਉਤੇ ਪਹੁੰਚ ਚੁੱਕਾ ਹੈ। -ਪੀਟੀਆਈ

ਜਾਫਨਾ ਤੋਂ ਭਾਰਤ ਲਈ ਉਡਾਣਾਂ ਸ਼ੁਰੂ ਕਰੇਗਾ ਸ੍ਰੀਲੰਕਾ

ਕੋਲੰਬੋ: ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਅੱਜ ਕਿਹਾ ਕਿ ਜਾਫਨਾ ਤੋਂ ਭਾਰਤ ਲਈ ਉਡਾਣਾਂ ਜਲਦੀ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਸੈਰ-ਸਪਾਟਾ ਵਿਭਾਗ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਹੋਰ ਭਾਰਤੀ ਸੈਲਾਨੀਆਂ ਨੂੰ ਖਿੱਚਣ ਲਈ ਯੋਜਨਾ ਬਣਾਉਣ। ਸ੍ਰੀਲੰਕਾ ਨੇ ਇਸ ਸਾਲ ਕਰੀਬ 8 ਲੱਖ ਸੈਲਾਨੀਆਂ ਨੂੰ ਸੱਦਣ ਦੀ ਯੋਜਨਾ ਬਣਾਈ ਹੈ। ਅੱਜ ਹੋਈ ਇਕ ਮੀਟਿੰਗ ਵਿਚ ਪ੍ਰਧਾਨ ਮੰਤਰੀ ਨੇ ਉਡਾਣਾਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਤੋਂ ਵੱਡੀ ਗਿਣਤੀ ਸੈਲਾਨੀ ਸ੍ਰੀਲੰਕਾ ਜਾਂਦੇ ਹਨ। ਕਰੋਨਾ ਮਹਾਮਾਰੀ ਕਾਰਨ ਸ੍ਰੀਲੰਕਾ ਦੀ ਪ੍ਰਸਿੱਧ ਸੈਰ-ਸਪਾਟਾ ਸਨਅਤ ਕਾਫ਼ੀ ਪ੍ਰਭਾਵਿਤ ਹੋਈ ਸੀ। -ਪੀਟੀਆਈ



Source link