ਮੂਸੇਵਾਲਾ ਕਤਲ: ਦਿੱਲੀ ਪੁਲੀਸ ਵੱਲੋਂ ਹੋਟਲ ਪ੍ਰਬੰਧਕ ਅਤੇ ਦੋ ਨੌਜਵਾਨ ਹਥਿਆਰਾਂ ਸਣੇ ਕਾਬੂ

ਮੂਸੇਵਾਲਾ ਕਤਲ: ਦਿੱਲੀ ਪੁਲੀਸ ਵੱਲੋਂ ਹੋਟਲ ਪ੍ਰਬੰਧਕ ਅਤੇ ਦੋ ਨੌਜਵਾਨ ਹਥਿਆਰਾਂ ਸਣੇ ਕਾਬੂ


ਮਾਨਸਾ/ ਟੋਹਾਣਾ(ਪੱਤਰ ਪ੍ਰੇਰਕ): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਹਰਿਆਣਾ ਦੇ ਫ਼ਤਿਆਬਾਦ ਦੇ ਭੱਟੂ ਰੋਡ ਉੱਤੇ ਸਥਿਤ ਇੱਕ ਹੋਟਲ ਵਿੱਚ ਛਾਪਾ ਮਾਰ ਕੇ ਹੋਟਲ ਪ੍ਰਬੰਧਕ ਪ੍ਰਦੀਪ ਸਣੇ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਤਿੰਨਾਂ ਵਿਅਕਤੀਆਂ ਨੂੰ ਦਿੱਲੀ ਪੁਲੀਸ ਨੇ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ ਅਤੇ ਕਸ਼ਿਸ਼ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਅਨੁਸਾਰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਤੋਂ ਬਾਅਦ ਪ੍ਰਿਆਵਰਤ ਫੌਜੀ ਅਤੇ ਕਸ਼ਿਸ ਬਠਿੰਡਾ ਦੇ ਕੇਸ਼ਵ ਦੀ ਗੱਡੀ ਵਿੱਚ ਸਵਾਰ ਹੋ ਕੇ, ਫ਼ਤਿਆਬਾਦ ਦੇ ਹੋਟਲ ਵਿੱਚ ਜਾ ਕੇ ਠਹਿਰੇ ਸਨ। ਕਤਲ ਲਈ ਵਰਤੇ ਗਏ ਹਥਿਆਰ ਵੀ ਬਰਾਮਦ ਹੋਣ ਦੀ ਚਰਚਾ ਹੈ। ਇਸ ਸਬੰਧੀ ਫ਼ਤਿਆਬਾਦ ਦੇ ਐੱਸਪੀ ਸੁਰਿੰਦਰ ਸਿੰਘ ਭੋਰੀਆ ਨੇ ਕਿਹਾ ਕਿ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਆਪਣੇ ਆਉਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸ਼ੂਟਰਾਂ ਵੱਲੋਂ ਹਥਿਆਰਾਂ ਵਾਲਾ ਥੈਲਾ ਪ੍ਰਦੀਪ ਨੂੰ ਸੌਂਪਿਆ ਗਿਆ ਸੀ। ਜਾਣਕਾਰੀ ਮੁਤਾਬਕ ਦਿੱਲੀ ਪੁਲੀਸ ਨੇ ਪਿੰਡ ਕਿਰਮਰਾ ਤੋਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਜੋ ਪ੍ਰਦੀਪ ਦੇ ਨਾਲ ਕਾਰਾਂ-ਜੀਪਾਂ ਖ਼ਰੀਦਣ ਦਾ ਕੰਮ ਕਰਦੇ ਹਨ। ਪ੍ਰਦੀਪ ਹੀ ਹਥਿਆਰਾਂ ਵਾਲਾ ਥੈਲਾ ਉਨ੍ਹਾਂ ਕੋਲ ਛੱਡ ਕੇ ਆਇਆ ਸੀ। ਦਿੱਲੀ ਪੁਲੀਸ ਨੇ ਪ੍ਰਦੀਪ ਅਤੇ ਉਸਦੇ ਦੋ ਦੋਸਤ ਮਨੀਸ਼ ਅਤੇ ਨਵਦੀਪ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਇਹ ਨੌਜਵਾਨ ਪਿੰਡ ਕਿਰਮਰਾ ਦੇ ਖੇਤਾਂ ਵਿੱਚ ਬਣੇ ਇੱਕ ਮਕਾਨ ਵਿੱਚ ਆਪਣੇ ਮਾਪਿਆਂ ਨਾਲ ਰਹਿੰਦੇ ਹਨ। ਇਨ੍ਹਾਂ ਨੌਜਵਾਨਾਂ ਦੇ ਮਾਪਿਆਂ ਨੇ ਮੀਡੀਆ ਕੋਲ ਕਿਹਾ ਹੈ ਕਿ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਪ੍ਰਦੀਪ ਨਾਲ ਦੋ ਨੌਜਵਾਨ ਉਨ੍ਹਾਂ ਦੇ ਘਰ ਰੁਕੇ ਸਨ, ਇਹ ਦੋਵੇਂ ਸਿੱਧੂ ਮੂਸੇਵਾਲੇ ਦੇ ਕਾਤਲ ਸ਼ੂਟਰ ਪ੍ਰਿਆਵਰਤ ਫੌਜੀ ਅਤੇ ਕਸ਼ਿਸ ਹੋ ਸਕਦੇ ਹਨ। ਦਿੱਲੀ ਪੁਲੀਸ ਨੂੰ ਇੱਥੋਂ ਅਸਾਲਟ ਰਾਈਫਲਾਂ, ਨੌਂ ਡੈਟੋਨੇਟਰ, ਨੌਂ ਹੈਂਡ ਗਰਨੇਡ ਅਤੇ ਤਿੰਨ ਪਿਸਤੌਲ ਬਰਾਮਦ ਹੋਣ ਦੀ ਜਾਣਕਾਰੀ ਵੀ ਮਿਲੀ ਹੈ। ਇਹ ਹਥਿਆਰ ਇਨ੍ਹਾਂ ਨੌਜਵਾਨਾਂ ਦੇ ਘਰ ਇੱਕ ਬੈਗ ਵਿੱਚ ਪਾ ਕੇ ਰੱਖੇ ਹੋਏ ਸਨ। ਨੌਜਵਾਨਾਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲੜਕੇ ਕਾਰਾਂ ਵੇਚਣ ਦਾ ਕੰਮ ਕਰਦੇ ਸਨ ਅਤੇ ਉਨ੍ਹਾਂ ਦਾ ਪ੍ਰਦੀਪ ਨਾਂ ਦੇ ਨੌਜਵਾਨ ਨਾਲ ਲੈਣਾ-ਦੇਣਾ ਚੱਲਦਾ ਰਹਿੰਦਾ ਸੀ।



Source link