ਸਿਲਚਰ ’ਚ ਲਗਾਤਾਰ ਛੇਵੇਂ ਦਿਨ ਵੀ ਹੜ੍ਹ ਦਾ ਕਹਿਰ

ਸਿਲਚਰ ’ਚ ਲਗਾਤਾਰ ਛੇਵੇਂ ਦਿਨ ਵੀ ਹੜ੍ਹ ਦਾ ਕਹਿਰ


ਗੁਹਾਟੀ, 25 ਜੂਨ

ਅਸਾਮ ‘ਚ ਆਏ ਹੜ੍ਹਾਂ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ ਅਤੇ ਮੌਤਾਂ ਦੀ ਗਿਣਤੀ ਵਧ ਕੇ 118 ਹੋ ਗਈ ਹੈ। ਉਧਰ ਕਚਾਰ ਜ਼ਿਲ੍ਹੇ ਦਾ ਸਿਲਚਰ ਕਸਬਾ ਲਗਾਤਾਰ ਛੇਵੇਂ ਦਿਨ ਪਾਣੀ ‘ਚ ਡੁੱਬਿਆ ਰਿਹਾ। ਬੀਤੇ 24 ਘੰਟਿਆਂ ਦੌਰਾਨ ਹੜ੍ਹਾਂ ਅਤੇ ਢਿੱਗਾਂ ਡਿੱਗਣ ਕਾਰਨ 10 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਉਂਜ ਕੁਝ ਦਰਿਆਵਾਂ ‘ਚ ਪਾਣੀ ਦਾ ਵਹਾਅ ਘਟਣ ਕਾਰਨ ਕਈ ਜ਼ਿਲ੍ਹਿਆਂ ਦੇ ਹਾਲਾਤ ‘ਚ ਮਾਮੂਲੀ ਸੁਧਾਰ ਹੋਇਆ ਹੈ ਪਰ ਧੁਬਰੀ ‘ਚ ਬ੍ਰਹਮਪੁਤਰ ਅਤੇ ਨਗਾਓਂ ‘ਚ ਕੋਪਿਲੀ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੇ ਹਨ। ਕਚਾਰ ਜ਼ਿਲ੍ਹਾ ਪ੍ਰਸ਼ਾਸਨ ਸਿਲਚਰ ‘ਚ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਡਿਪਟੀ ਕਮਿਸ਼ਨਰ ਕੀਰਤੀ ਜੱਲੀ ਨੇ ਦੱਸਿਆ ਕਿ ਭੋਜਨ ਦੇ ਪੈਕੇਟ, ਪੀਣ ਵਾਲੇ ਪਾਣੀ ਦੀਆਂ ਬੋਤਲਾਂ ਅਤੇ ਹੋਰ ਜ਼ਰੂਰੀ ਵਸਤਾਂ ਹਵਾਈ ਸੈਨਾ ਦੇ ਹੈਲੀਕਾਪਟਰਾਂ ਰਾਹੀਂ ਸੁੱਟੀਆਂ ਜਾ ਰਹੀਆਂ ਹਨ। ਸਿਲਚਰ ‘ਚ ਦੋ ਡਰੋਨ ਵੀ ਤਾਇਨਾਤ ਕੀਤੇ ਗਏ ਹਨ ਜੋ ਹੜ੍ਹ ਵਾਲੇ ਇਲਾਕਿਆਂ ਅਤੇ ਪ੍ਰਭਾਵਿਤ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ‘ਤੇ ਨਜ਼ਰ ਰੱਖ ਰਹੇ ਹਨ। ਸਿਲਚਰ ‘ਚ ਐੱਨਡੀਆਰਐੱਫ ਦੀਆਂ ਅੱਠ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਨਾਲ ਫ਼ੌਜੀ ਯੂਨਿਟ ਦੇ ਜਵਾਨ ਵੀ ਲਗਾਏ ਗਏ ਹਨ ਅਤੇ 9 ਕਿਸ਼ਤੀਆਂ ਰਾਹਤ ਕਾਰਜ ਚਲਾ ਰਹੀਆਂ ਹਨ। ਸਿਲਚਰ ‘ਚ ਕਰੀਬ ਤਿੰਨ ਲੱਖ ਲੋਕ ਭੋਜਨ, ਸਾਫ਼ ਪੀਣ ਵਾਲੇ ਪਾਣੀ ਤੇ ਦਵਾਈਆਂ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ। -ਪੀਟੀਆਈ

ਮਹਾਰਾਸ਼ਟਰ: ਸਕੂਲੀ ਬੱਚਿਆਂ ਦੀ ਬੱਸ ਮੀਂਹ ਦੇ ਪਾਣੀ ‘ਚ ਫਸੀ

ਉਲਹਾਸਨਗਰ: ਠਾਣੇ ਜ਼ਿਲ੍ਹੇ ਦੇ ਉਲਹਾਸਨਗਰ ਇਲਾਕੇ ‘ਚ ਇਕ ਸਕੂਲ ਦੀ ਬੱਸ ਮੀਂਹ ਦੇ ਪਾਣੀ ‘ਚ ਫਸ ਗਈ। ਬੱਸ ‘ਚ ਸਵਾਰ ਕਰੀਬ 12 ਬੱਚਿਆਂ ਨੂੰ ਟਰੈਫਿਕ ਪੁਲੀਸ ਦੇ ਮੁਲਾਜ਼ਮਾਂ ਨੇ ਬਚਾਇਆ। ਇਹ ਬੱਸ ਪੁਲ ਦੇ ਹੇਠਾਂ ਖੜ੍ਹੇ ਹੋਏ ਪਾਣੀ ‘ਚ ਫਸ ਗਈ ਸੀ। -ਪੀਟੀਆਈ

ਜੰਮੂ-ਸ੍ਰੀਨਗਰ ਕੌਮੀ ਮਾਰਗ ‘ਤੇ ਆਵਾਜਾਈ ਬਹਾਲ

ਜੰਮੂ: ਜ਼ਮੀਨ ਖਿਸਕਣ ਕਾਰਨ ਚਾਰ ਦਿਨਾਂ ਤੋਂ ਠੱਪ ਪਈ ਜੰਮੂ-ਸ੍ਰੀਨਗਰ ਕੌਮੀ ਮਾਰਗ ਦੀ ਆਵਾਜਾਈ ਅੱਜ ਬਹਾਲ ਹੋ ਗਈ ਹੈ। ਹਾਲਾਂਕਿ ਕਸ਼ਮੀਰ ਨੂੰ ਜੰਮੂ ਨਾਲ ਜੋੜਨ ਵਾਲੇ ਬਦਲਵੇਂ ਮਾਰਗ ਮੁਗਲ ਰੋਡ ‘ਤੇ ਫਿਰ ਢਿੱਗਾਂ ਡਿੱਗਣ ਕਾਰਨ ਅੱਜ ਵੀ ਆਵਾਜਾਈ ਪ੍ਰਭਾਵਿਤ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਊਧਮਪੁਰ ਜ਼ਿਲ੍ਹੇ ਦੇ ਸਮਰੋਲੀ ਇਲਾਕੇ ਵਿੱਚ ਸ਼ੁੱਕਰਵਾਰ ਦੇਰ ਸ਼ਾਮ ਨੂੰ ਮਲਬਾ ਹਟਾਏ ਜਾਣ ਤੋਂ ਬਾਅਦ ਕੌਮੀ ਮਾਰਗ ‘ਤੇ ਆਵਾਜਾਈ ਬਹਾਲ ਹੋ ਗਈ ਹੈ। -ਪੀਟੀਆਈ



Source link