ਚਰਨਜੀਤ ਭੁੱਲਰ
ਚੰਡੀਗੜ੍ਹ, 30 ਜੂਨ
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਅੰਤਿਮ ਦਿਨ ਅੱਜ ਸਿਫਰ ਕਾਲ ਵਿਚ ‘ਆਪ’ ਵਿਧਾਇਕਾਂ ਨੇ ਪਿਛਲੀ ਸਰਕਾਰ ਵੇਲੇ ਵਿਕਾਸ ਕੰਮਾਂ ਵਿਚ ਹੋਏ ਘਪਲਿਆਂ ਦੀ ਜਾਂਚ ਮੰਗੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੰਘੇ ਕੱਲ੍ਹ ਸਦਨ ਵਿਚ ਭ੍ਰਿਸ਼ਟ ਆਗੂਆਂ ਨੂੰ ਨਾ ਬਖਸ਼ਣ ਦੇ ਦਿੱਤੇ ਬਿਆਨ ਮਗਰੋਂ ‘ਆਪ’ ਵਿਧਾਇਕਾਂ ਨੇ ਗਰਮੀ ਦਿਖਾਈ। ਜਲੰਧਰ ਤੋਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਨੇ ਜਲੰਧਰ ਵਿਚ ਸਮਾਰਟ ਸਿਟੀ ਦੇ ਫੰਡਾਂ ਅਤੇ ਜਲੰਧਰ ਦੇ ਵਿਕਾਸ ਕੰਮਾਂ ਲਈ ਜਾਰੀ ਕੀਤੇ 550 ਕਰੋੜ ਸਬੰਧੀ ਜਾਂਚ ਮੰਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਫੰਡਾਂ ਵਿਚ ਵੱਡਾ ਘਪਲਾ ਹੋਇਆ ਹੈ। ਖੰਨਾ ਤੋਂ ਵਿਧਾਇਕ ਤਰੁਣਪ੍ਰੀਤ ਸਿੰਘ ਨੇ ਕਿਹਾ ਕਿ ਨਾਜਾਇਜ਼ ਸ਼ਰਾਬ ਸਨਅਤਾਂ ਨੇ ਖਜ਼ਾਨੇ ਨੂੰ ਵੱਡੀ ਢਾਹ ਲਾਈ ਹੈ ਅਤੇ ਲੁੱਟ ਕਰਨ ਵਾਲੇ ਲੋਕਾਂ ਦੀ ਸੰਪਤੀ ਦੀ ਜਾਂਚ ਕਰਾਈ ਜਾਵੇ।
ਅੰਮ੍ਰਿਤਸਰ ਤੋਂ ਵਿਧਾਇਕ ਅਜੈ ਗੁਪਤਾ ਨੇ ਵੀ ਅੰਮ੍ਰਿਤਸਰ ਵਿਚ ਚੱਲ ਰਹੀਆਂ ਗੈਰਕਾਨੂੰਨੀ ਡਿਸਟਿਲਰੀਆਂ ਦੀ ਜਾਂਚ ਦੀ ਮੰਗ ਕੀਤੀ। ਗੁਰੂ ਹਰਸਹਾਏ ਤੋਂ ਵਿਧਾਇਕ ਫੌਜਾ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਹਲਕੇ ਵਿਚ ਵੱਡੇ ਘਪਲੇ ਹੋਏ ਹਨ ਜਿਨ੍ਹਾਂ ਦੀ ਸਰਕਾਰ ਜਾਂਚ ਕਰਾਏ। ਉਨ੍ਹਾਂ ਕੰਡਿਆਲੀ ਤਾਰ ਤੋਂ ਪਾਰਲੇ ਕਿਸਾਨਾਂ ਦੇ ਮਸਲੇ ਵੀ ਉਠਾਏ। ਇਸੇ ਤਰ੍ਹਾਂ ਹੀ ਨਾਭਾ ਤੋਂ ਵਿਧਾਇਕ ਦੇਵ ਮਾਨ ਨੇ ਵੀ ਨਗਰ ਕੌਂਸਲ ਨਾਭਾ ਵਿਚ ਹੋਏ ਘਪਲਿਆਂ ਦਾ ਮਸਲਾ ਉਭਾਰਿਆ ਅਤੇ ਇਨ੍ਹਾਂ ਦੀ ਵਿਜੀਲੈਂਸ ਜਾਂਚ ਕਰਾਏ ਜਾਣ ਦੀ ਮੰਗ ਉਠਾਈ। ਸਿਫਰ ਕਾਲ ਵਿਚ ਅਕਾਲੀ ਵਿਧਾਇਕ ਮਨਪ੍ਰੀਤ ਇਯਾਲੀ ਨੇ ਆਪਣੇ ਹਲਕੇ ਦੇ ਦੋ ਪਿੰਡਾਂ ਵਿਚ ਪੁਲੀਸ ਵੱਲੋਂ ਧੱਕੇ ਨਾਲ ਸੜਕ ਮਾਰਗ ਲਈ ਜ਼ਮੀਨ ਦਾ ਕਬਜ਼ਾ ਲੈਣ ਦਾ ਮਸਲਾ ਉਠਾਇਆ।
ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਭਰਤੀਆਂ ਦੀ ਪ੍ਰਕਿਰਿਆ ਤੇਜ਼ ਕਰੇ ਅਤੇ ਉਮਰ ਹੱਦ ਟਪਾ ਚੁੱਕੇ ਨੌਜਵਾਨਾਂ ਨੂੰ ਉਮਰ ਹੱਦ ਵਿਚ ਛੋਟ ਦੇਵੇ। ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਨੌਕਰੀਆਂ ਵਿਚ ਗੈਰ ਪੰਜਾਬੀਆਂ ਦੇ ਦਾਖਲੇ ਨੂੰ ਰੋਕੇ ਜਾਣ ਦਾ ਮਾਮਲਾ ਚੁੱਕਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੇ ਹੱਕਾਂ ‘ਤੇ ਡਾਕਾ ਮਾਰਿਆ ਜਾ ਰਿਹਾ ਹੈ। ਬਾਵਾ ਹੈਨਰੀ ਨੇ ਕੇਂਦਰ ਸਰਕਾਰ ਵੱਲੋਂ ਖੇਤੀ ਮਸ਼ੀਨਰੀ ਤੇ ਜੀਐਸਟੀ ‘ਚ ਕੀਤੇ ਵਾਧੇ ‘ਤੇ ਇਤਰਾਜ਼ ਜਤਾਇਆ ਜਦੋਂਕਿ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੇ ਰਾਜਪੁਰਾ ਦੇ ਪਟੇਲ ਕਾਲਜ ਦਾ ਮੁੱਦਾ ਚੁੱਕਿਆ।
ਪੰਚਾਇਤਾਂ ਦੀਆਂ ਗਰਾਂਟਾਂ ਰੋਕੇ ਜਾਣ ‘ਤੇ ਵੀ ਸਦਨ ਵਿਚ ਰੌਲਾ ਪਿਆ। ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਸਰਕਾਰ ਨੇ ਕਾਂਗਰਸ ਸਰਕਾਰ ਵੱਲੋਂ ਦਿੱਤੀਆਂ ਗਰਾਂਟਾਂ ਰੋਕ ਦਿੱਤੀਆਂ ਹਨ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਲ 2021-22 ਦੀਆਂ ਗਰਾਂਟਾਂ ਨਾ ਵਰਤਣ ਦੇ ਹੁਕਮ ਜਾਰੀ ਕੀਤੇ ਸਨ। ਵਿਧਾਇਕ ਅਰੁਣਾ ਚੌੌਧਰੀ ਨੇ ਪੰਚਾਇਤਾਂ ਦੀ ਥਾਂ ਪ੍ਰਬੰਧਕ ਪ੍ਰਥਾ ਚਲਾਏ ਜਾਣ ‘ਤੇ ਸਰਕਾਰ ਦੀ ਖਿਚਾਈ ਕੀਤੀ। ਪੰਚਾਇਤ ਮੰਤਰੀ ਧਾਲੀਵਾਲ ਨੇ ਕਿਹਾ ਕਿ ਜਿਥੇ ਪੰਚਾਇਤਾਂ ਦਾ ਕੋਰਮ ਪੂਰਾ ਨਹੀਂ ਹੈ, ਉਥੇ ਵਿਕਾਸ ਦੇ ਕੰਮ ਚਲਾਉਣ ਲਈ ਪ੍ਰਬੰਧਕ ਲਗਾਏ ਜਾਂਦੇ ਹਨ|
ਬਠਿੰਡਾ ‘ਵਰਸਿਟੀ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਲਈ ਕਿਹਾ
ਬਠਿੰਡਾ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ‘ਵਰਸਿਟੀ ਬਠਿੰਡਾ ਦੇ ਵਿੱਤੀ ਸੰਕਟ ਦਾ ਮਸਲਾ ਚੁੱਕਿਆ। ਉਨ੍ਹਾਂ ਕਿਹਾ ਕਿ ਸਰਕਾਰ ਇਸ ‘ਵਰਸਿਟੀ ਨੂੰ ਮਾਲੀ ਸੰਕਟ ਵਿਚੋਂ ਕੱਢਣ ਲਈ 100 ਕਰੋੋੜ ਰੁਪਏ ਦੀ ਗਰਾਂਟ ਦੇਵੇ। ਇਸੇ ਤਰ੍ਹਾਂ ਲੁਧਿਆਣਾ ਪੱਛਮੀ ਦੇ ਵਿਧਾਇਕ ਨੇ ਖੇਤੀ ‘ਵਰਸਿਟੀ ਲੁਧਿਆਣਾ ਵਿਚ ਖਾਲੀ ਪਈਆਂ ਅਸਾਮੀਆਂ ਦਾ ਮਸਲਾ ਚੁੱਕਿਆ। ਉਨ੍ਹਾਂ ਕਿਹਾ ਕਿ ‘ਵਰਸਿਟੀ ਵਿਚ ਵੱਡੇ ਅਹੁਦੇ ਵੀ ਖਾਲੀ ਪਏ ਹਨ ਅਤੇ ਉਨ੍ਹਾਂ ਯੂਜੀਸੀ ਸਕੇਲ ਦਿੱਤੇ ਜਾਣ ਦੀ ਗੱਲ ਵੀ ਰੱਖੀ।
ਬੇਅਦਬੀ ਮਾਮਲੇ ‘ਤੇ ਬਹਿਸ ਕਰਵਾਉਣ ਦੀ ਮੰਗ
‘ਆਪ’ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਅੱਜ ਬੇਅਦਬੀ ਦਾ ਮਾਮਲੇ ‘ਤੇ ਬਹਿਸ ਕਰਾਏ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ‘ਤੇ ਵਿਸ਼ੇਸ਼ ਚਰਚਾ ਰੱਖੀ ਜਾਵੇ। ਉਨ੍ਹਾਂ ਅੱਧੇ ਘੰਟੇ ਦੀ ਬਹਿਸ ਰੱਖੇ ਜਾਣ ਦੀ ਗੱਲ ਕੀਤੀ। ਕਾਂਗਰਸੀ ਵਿਧਾਇਕਾਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਇਸ ਗੱਲ ਦੀ ਹਮਾਇਤ ਕੀਤੀ ਅਤੇ ਇਸੇ ਤਰ੍ਹਾਂ ‘ਆਪ’ ਵਿਧਾਇਕ ਕੁਲਵੰਤ ਸਿੱਧੂ ਨੇ ਵੀ ਕੁੰਵਰ ਵਿਜੈ ਪ੍ਰਤਾਪ ਦੀ ਪਿੱਠ ਥਾਪੜੀ।
ਸਮਾਂ ਨਾ ਮਿਲਣ ਤੋਂ ‘ਆਪ’ ਵਿਧਾਇਕ ਨਾਰਾਜ਼
ਹਾਕਮ ਧਿਰ ਦੇ ਵਿਧਾਇਕਾਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਸਮਾਂ ਨਾ ਦਿੱਤੇ ਜਾਣ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ। ‘ਆਪ’ ਵਿਧਾਇਕ ਦਲਜੀਤ ਸਿੰਘ ਭੋਲਾ ਨੇ ਕਿਹਾ ਕਿ ਵਿਰੋਧੀ ਵਿਧਾਇਕਾਂ ਨੂੰ ਜ਼ਿਆਦਾ ਸਮਾਂ ਦਿੱਤਾ ਗਿਆ ਜਦੋਂਕਿ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਵਿਰੋਧੀ ਧਿਰ ਅਤੇ ਖਾਸ ਕਰਕੇ ਸੁਖਪਾਲ ਖਹਿਰਾ ਨੂੰ ਬੋਲਣ ਲਈ ਸਮਾਂ ਜ਼ਿਆਦਾ ਦਿੱਤਾ ਜਾਂਦਾ ਹੈ| ਸਪੀਕਰ ਕੁਲਤਾਰ ਸੰਧਵਾਂ ਨੇ ਸਾਫ ਕੀਤਾ ਕਿ ਹਾਕਮ ਧਿਰ ਨੇ ਕੰਮ ਕਰਨੇ ਹੁੰਦੇ ਹਨ ਜਦੋਂ ਕਿ ਵਿਰੋਧੀ ਧਿਰ ਨੇ ਆਵਾਜ਼ ਉਠਾਉਣੀ ਹੁੰਦੀ ਹੈ।