ਅਮਰੀਕੀ ਕਾਨੂੰਨਸਾਜ਼ਾਂ ਵੱਲੋਂ ਭਾਰਤ ਖ਼ਿਲਾਫ਼ ਬਾਇਡਨ ਨੂੰ ਪੱਤਰ

ਅਮਰੀਕੀ ਕਾਨੂੰਨਸਾਜ਼ਾਂ ਵੱਲੋਂ ਭਾਰਤ ਖ਼ਿਲਾਫ਼ ਬਾਇਡਨ ਨੂੰ ਪੱਤਰ


ਵਾਸ਼ਿੰਗਟਨ, 2 ਜੁਲਾਈ

ਦਰਜਨ ਦੇ ਕਰੀਬ ਅਮਰੀਕੀ ਕਾਨੂੰਨਸਾਜ਼ਾਂ ਨੇ ਮੁਲਕ ਦੇ ਸਦਰ ਜੋਅ ਬਾਇਡਨ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ‘ਵਣਜ ਨਿਯਮਾਂ ਨੂੰ ਆਪਣੇ ਮੁਤਾਬਕ ਤੋੜਨ-ਮਰੋੜਨ ਵਾਲੇ’ ਭਾਰਤ ਨੂੰ ਲੈ ਕੇ ਵਿਸ਼ਵ ਵਪਾਰ ਸੰਸਥਾ ‘ਚ ਸਲਾਹ-ਮਸ਼ਵਰੇ ਲਈ ਗ਼ੈਰਰਸਮੀ ਬੇਨਤੀ ਕਰੇ। ਬਾਇਡਨ ਨੂੰ ਲਿਖੇ ਪੱਤਰ ਵਿੱਚ 12 ਸੰਸਦ ਮੈਂਬਰਾਂ ਨੇ ਕਿਹਾ ਕਿ ਵਿਸ਼ਵ ਵਪਾਰ ਸੰਗਠਨ ਦੇ ਮੌਜੂਦਾ ਨੇਮ ਸਰਕਾਰ ਨੂੰ ਵਸਤਾਂ ਦੇ ਉਤਪਾਦਨ ਮੁੱਲ ਦੇ 10 ਫੀਸਦ ਤੱਕ ਸਬਸਿਡੀ ਦੇਣ ਦੀ ਖੁੱਲ੍ਹ ਦਿੰਦੇ ਹਨ, ਪਰ ਭਾਰਤ ਸਰਕਾਰ ਨੇ ਚੌਲਾਂ ਤੇ ਕਣਕ ਸਣੇ ਕਈ ਵਸਤਾਂ ਦੇ ਉਤਪਾਦਨ ਦੇ ਅੱਧੇ ਤੋਂ ਵੱਧ ਮੁੱਲ ‘ਤੇ ਸਬਸਿਡੀ ਦੇਣ ਜਾਰੀ ਰੱਖਿਆ ਹੋਇਆ ਹੈ। ਸੰਸਦ ਮੈਂਬਰਾਂ ਨੇ ਪੱਤਰ ਵਿੱਚ ਦੋਸ਼ ਲਾਇਆ ਕਿ ਭਾਰਤ ਵੱਲੋਂ ‘ਨੇਮਾਂ ਦੀ ਪਾਲਣਾ ਨਾ ਕੀਤੇ ਜਾਣ’ ਅਤੇ ਬਾਇਡਨ ਪ੍ਰਸ਼ਾਸਨ ਵੱਲੋਂ ”ਅਮਲੀ ਰੂਪ ਦੇਣ ਦੀ ਘਾਟ’ ਨੇ ਚੌਲਾਂ ਤੇ ਕਣਕ ਦੀਆਂ ਕੀਮਤਾਂ ਤੇ ਉਤਪਾਦਨ ਨੂੰ ਘੱਟ ਕਰਕੇ ਅਤੇ ਅਮਰੀਕੀ ਉਤਪਾਦਕਾਂ ਨੂੰ ਘਾਟੇ ਵਿੱਚ ਪਾ ਕੇ ਆਲਮੀ ਖੇਤੀ ਉਤਪਾਦਨ ਤੇ ਵਪਾਰ ਦੇ ਤਰੀਕਿਆਂ ਨੂੰ ਵਿਗਾੜ ਦਿੱਤਾ ਹੈ। ਪੱਤਰ ‘ਚ ਕਿਹਾ ਗਿਆ ਹੈ, ”ਭਾਰਤ ਦੇ ਇਹ ਤੌਰ ਤਰੀਕੇ ਆਲਮੀ ਪੱਧਰ ‘ਤੇ ਵਪਾਰ ਦਾ ਨੁਕਸਾਨ ਕਰ ਰਹੇ ਹਨ ਤੇ ਅਮਰੀਕੀ ਕਿਸਾਨਾਂ ਤੇ ਪਸ਼ੂਪਾਲਕਾਂ ਨੂੰ ਅਸਰਅੰਦਾਜ਼ ਕਰ ਰਹੇ ਹਨ।” ਪੱਤਰ ਸੰਸਦ ਮੈਂਬਰ ਟਰੈਸੀ ਮਾਨ ਤੇ ਰਿਕ ਕਰਾਅਫੋਰਡ ਦੀ ਅਗਵਾਈ ‘ਚ ਲਿਖਿਆ ਗਿਆ ਹੈ। -ਪੀਟੀਆਈ



Source link