ਸੀਤਾਰਾਮਨ, ਗੋਇਲ, ਸੀਚੇਵਾਲ ਤੇ 23 ਹੋਰਨਾਂ ਨੇ ਰਾਜ ਸਭਾ ਮੈਂਬਰ ਵਜੋਂ ਹਲਫ਼ ਲਿਆ

ਸੀਤਾਰਾਮਨ, ਗੋਇਲ, ਸੀਚੇਵਾਲ ਤੇ 23 ਹੋਰਨਾਂ ਨੇ ਰਾਜ ਸਭਾ ਮੈਂਬਰ ਵਜੋਂ ਹਲਫ਼ ਲਿਆ


ਨਵੀਂ ਦਿੱਲੀ, 8 ਜੁਲਾਈ

ਕੇਂਦਰੀ ਮੰਤਰੀਆਂ ਨਿਰਮਲਾ ਸੀਤਾਰਾਮਨ ਤੇ ਪਿਊਸ਼ ਗੋਇਲ ਅਤੇ ਵਾਤਾਵਰਨ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਸਣੇ ਰਾਜ ਸਭਾ ਦੇ 27 ਨਵੇਂ ਚੁਣੇ ਮੈਂਬਰਾਂ ਨੇ ਰਾਜਾਂ ਦੇ ਕੌਂਸਲ ਮੈਂਬਰਾਂ ਵਜੋਂ ਹਲਫ਼ ਲਿਆ। ਸੀਚੇਵਾਲ ਨੇ ਪੰਜਾਬੀ ਵਿੱਚ ਹਲਫ਼ ਲਿਆ। ਮੈਂਬਰਾਂ ਨੇ ਰਾਜ ਸਭਾ ਚੇਅਰਮੈਨ ਐੱਮ.ਵੈਂਕੱਈਆ ਨਾਇਡੂ ਦੀ ਹਾਜ਼ਰੀ ਵਿਚ ਉਨ੍ਹਾਂ ਦੇ ਚੈਂਬਰ ਵਿੱਚ ਸੰਵਿਧਾਨ ਪ੍ਰਤੀ ਵਫ਼ਾਦਾਰ ਰਹਿਣ ਦੀ ਸਹੁੰ ਚੁੱਕੀ। ਦਸ ਰਾਜਾਂ ਨਾਲ ਸਬੰਧਤ ਇਨ੍ਹਾਂ 27 ਮੈਂਬਰਾਂ ਨੇ 9 ਭਾਸ਼ਾਵਾਂ ਵਿੱਚ ਸਹੁੰ ਚੁੱਕੀ। 12 ਮੈਂਬਰਾਂ ਨੇ ਹਿੰਦੀ, ਚਾਰ ਨੇ ਅੰਗਰੇਜ਼ੀ, ਦੋ-ਦੋ ਜਣਿਆਂ ਨੇ ਸੰਸਕ੍ਰਿਤ, ਕੰਨੜ, ਮਰਾਠੀ ਤੇ ਉੜੀਆ ਜਦੋਂਕਿ ਪੰਜਾਬੀ, ਤਾਮਿਲ ਤੇ ਤੇਲਗੂ ਵਿੱਚ ਇਕ ਇਕ ਜਣੇ ਨੇ ਹਲਫ਼ ਲਿਆ। ਸੰਸਦ ਲਈ ਚੁਣੇ ਕੁੱਲ 57 ਨਵੇਂ ਮੈਂਬਰਾਂ ਵਿੱਚੋਂ ਚਾਰ ਹੋਰਨਾਂ ਨੇ ਅਜੇ ਪਿੱਛੇ ਜਿਹੇ ਸਹੁੰ ਚੁੱਕੀ ਸੀ।

ਹਲਫ਼ਦਾਰੀ ਸਮਾਗਮ ਮਗਰੋਂ ਸਦਨ ਦੇ ਕੁਝ ਆਗੂਆਂ ਤੇ ਮੈਂਬਰਾਂ ਨਾਲ ਰੂਬਰੂ ਹੁੰਦਿਆਂ ਨਾਇਡੂ ਨੇ ਸਾਫ਼ ਕਰ ਦਿੱਤਾ ਕਿ ਜਿਨ੍ਹਾਂ ਚੁਣੇ ਹੋਏ ਮੈਂਬਰਾਂ ਨੇ ਅਜੇ ਤੱਕ ਹਲਫ਼ ਨਹੀਂ ਲਿਆ, ਉਹ ਵੀ 18 ਜੁਲਾਈ ਲਈ ਤਜਵੀਜ਼ਤ ਰਾਸ਼ਟਰਪਤੀ ਚੋਣਾਂ ਵਿੱਚ ਵੋਟ ਪਾਉਣ ਦੇ ਹੱਕਦਾਰ ਹਨ।

ਮੈਂਬਰਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਨਾਇਡੂ ਨੇ ਕਿਹਾ ਕਿ ਰਾਜ ਸਭਾ ਚੋਣ ਵਿੱਚ ਜੇਤੂ ਐਲਾਨੇ ਜਾਣ ਦੇ ਨੋਟੀਫਿਕੇਸ਼ਨ ਦੀ ਤਰੀਕ ਤੋਂ ਉਹ ਸਦਨ ਦੇ ਮੈਂਬਰ ਹਨ ਅਤੇ ਨਵੇਂ ਚੁਣੇ ਮੈਂਬਰਾਂ ਲਈ ਹਲ਼ਫ ਲੈਣਾ ਸਦਨ ਅਤੇ ਇਸ ਦੀ ਕਮੇਟੀਆਂ ਦੀ ਕਾਰਵਾਈ ਵਿੱਚ ਸ਼ਾਮਲ ਹੋਣ ਲਈ ਪਹਿਲੀ ਸ਼ਰਤ ਹੈ। ਜਿਨ੍ਹਾਂ ਨਵੇਂ ਚੁਣੇ ਤੇ ਮੁੜ ਚੁਣੇ ਮੈਂਬਰਾਂ ਨੇ ਅੱਜ ਹਲਫ਼ ਲਿਆ, ਉਨ੍ਹਾਂ ਵਿੱਚ ਜੈਰਾਮ ਰਮੇਸ਼, ਵਿਵੇਕ ਕੇ.ਤਨਖਾ ਤੇ ਮੁਕੁਲ ਵਾਸਨਿਕ (ਸਾਰੇ ਕਾਂਗਰਸ), ਸੁਰੇਂਦਰ ਸਿੰਘ ਨਾਗਰ, ਕੇ.ਲਕਸ਼ਮਨ, ਲਕਸ਼ਮੀਕਾਂਤ ਵਾਜਪਾਈ (ਸਾਰੇ ਭਾਜਪਾ), ਜੈਯੰਤ ਚੌਧਰੀ, ਕਲਪਨਾ ਸੈਣੀ, ਸੁਲਾਤਾ ਦਿਓ ਤੇ ਆਰ. ਧਰਮਾਰ ਸ਼ਾਮਲ ਹਨ। ਕੁੱਲ 57 ਮੈਂਬਰਾਂ ਵਿੱਚੋਂ 14 ਅਜਿਹੇ ਹਨ, ਜਿਨ੍ਹਾਂ ਨੂੰ ਮੁੜ ਚੁਣਿਆ ਗਿਆ ਹੈ। ਚੇਅਰਮੈਨ ਨੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਦਨ ਦਾ ਮੌਨਸੂਨ ਇਜਲਾਸ ਕੋਵਿਡ-19 ਪ੍ਰੋਟੋਕਾਲ ਮੁਤਾਬਕ ਹੋਵੇਗਾ ਤੇ ਮੈਂਬਰਾਂ ਨੂੰ ਸਮਾਜਿਕ ਦੂਰੀ ਤੇ ਸੁਰੱਖਿਆ ਨੇਮਾਂ ਦੀ ਪਾਲਣਾ ਕਰਨੀ ਹੋਵੇਗੀ। ਉਨ੍ਹਾਂ ਮੈਂਬਰਾਂ ਨੂੰ ਸਦਨ ਵਿੱਚ ਨਿਯਮਤ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ। -ਪੀਟੀਆਈ



Source link