ਹਰਜੀਤ ਸਿੰਘ ਪਰਮਾਰ
ਬਟਾਲਾ, 10 ਜੁਲਾਈ
ਸਥਾਨਕ ਜਲੰਧਰ-ਅੰਮ੍ਰਿਤਸਰ ਬਾਈਪਾਸ ‘ਤੇ ਦੇਰ ਰਾਤ ਵਾਪਰੇ ਇੱਕ ਸੜਕ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦ ਕਿ ਦੋ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦਾ ਪੀਏ ਵੀ ਸ਼ਾਮਿਲ ਹੈ। ਹਾਦਸੇ ਵਿੱਚ ਵਿਧਾਇਕ ਦਾ ਭਰਾ ਵੀ ਜ਼ਖਮੀ ਹੋਇਆ ਹੈ। ਮ੍ਰਿਤਕਾਂ ਦੀ ਸ਼ਨਾਖ਼ਤ ਉਪਦੇਸ਼ ਕੁਮਾਰ (ਪੀਏ) ਪੁੱਤਰ ਅਸ਼ੋਕ ਕੁਮਾਰ ਵਾਸੀ ਡੌਲਾ ਨੰਗਲ, ਗੁਰਲੀਨ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਦਿੱਲੀ ਅਤੇ ਸੁਨੀਲ ਕੁਮਾਰ ਸੋਢੀ ਵਜੋਂ ਹੋਈ ਹੈ ਜਦ ਕਿ ਵਿਧਾਇਕ ਦਾ ਭਰਾ ਅੰਮ੍ਰਿਤਪਾਲ ਸਿੰਘ ਕਲਸੀ ਅਤੇ ਮਾਣਿਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਜਿਨਾਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦਾ ਕਾਰਨ ਕਾਰ ਦਾ ਅਗਲਾ ਟਾਇਰ ਫੱਟਣ ਤੋਂ ਬਾਅਦ ਕਾਰ ਪੁੱਲ ਦੀ ਰੇਲਿੰਗ ਨਾਲ ਟਕਰਾਉਣਾ ਦੱਸਿਆ ਜਾ ਰਿਹਾ ਹੈ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਜਾਣਕਾਰੀ ਅਨੁਸਾਰ ਇੱਕ ਆਈ 20 ਕਾਰ ਵਿੱਚ ਸਵਾਰ ਉਕਤ ਪੰਜੇ ਨੌਜਵਾਨ ਦੇਰ ਰਾਤ ਕਿਸੇ ਪਾਰਟੀ ਤੋਂ ਵਾਪਸ ਆ ਰਹੇ ਸਨ ਕਿ ਜਦੋਂ ਉਹ ਜਲੰਧਰ-ਅੰਮ੍ਰਿਤਸਰ ਬਾਈਪਾਸ ‘ਤੇ ਬਣੇ ਡਰੇਨ ਦੇ ਪੁੱਲ ਨੇੜੇ ਪਹੁੰਚੇ ਤਾਂ ਅਚਾਨਕ ਕਾਰ ਦਾ ਅਗਲਾ ਟਾਇਰ ਫੱਟਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਪੁੱਲ ਨਾਲ ਜਾ ਟਕਰਾਈ। ਹਾਦਸੇ ਦੌਰਾਨ ਤਿੰਨ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਦੋ ਹੋਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਡੀਐਸਪੀ ਸਿਟੀ ਲਲਿਤ ਕੁਮਾਰ ਮੌਕੇ ਤੇ ਪਹੁੰਚੇ। ਪੁਲੀਸ ਅਗੇਲਰੀ ਕਾਨੂੰਨੀ ਕਾਰਵਾਈ ਕਰ ਰਹੀ ਹੈ।