ਸ਼ਿਵ ਸੈਨਾ ਵੱਲੋਂ ਦਰੋਪਦੀ ਮੁਰਮੂ ਦੀ ਹਮਾਇਤ

ਸ਼ਿਵ ਸੈਨਾ ਵੱਲੋਂ ਦਰੋਪਦੀ ਮੁਰਮੂ ਦੀ ਹਮਾਇਤ


ਮੁੰਬਈ/ਕੋਲਕਾਤਾ/ਅਮਰਾਵਤੀ, 12 ਜੁਲਾਈ

ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਐਨਡੀਏ ਦੀ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਦਰੋਪਦੀ ਮੁਰਮੂ ਦੀ ਹਮਾਇਤ ਕਰੇਗੀ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਵਲੋਂ ਇਹ ਹਮਾਇਤ ਬਿਨਾਂ ਕਿਸੇ ਦਬਾਅ ਹੇਠ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਪਾਰਟੀ ਮੈਂਬਰਾਂ ਨੇ ਅਪੀਲ ਕੀਤੀ ਸੀ ਕਿ ਪਹਿਲੀ ਵਾਰ ਕਬਾਇਲੀ ਸਮੂਹ ਦੀ ਉਮੀਦਵਾਰ ਨੂੰ ਰਾਸ਼ਟਰਪਤੀ ਬਣਨ ਦਾ ਮੌਕਾ ਮਿਲ ਰਿਹਾ ਹੈ, ਇਸ ਕਰ ਕੇ ਪਾਰਟੀ ਵਲੋਂ ਦਰੋਪਦੀ ਮੁਰਮੂ ਦੀ ਹਮਾਇਤ ਕੀਤੀ ਜਾਵੇਗੀ। ਸ੍ਰੀ ਠਾਕਰੇ ਨੇ ਕਿਹਾ ਕਿ ਮੌਜੂਦਾ ਹਾਲਾਤ ਅਨੁਸਾਰ ਇਹ ਹਮਾਇਤ ਢੁਕਵੀਂ ਨਹੀਂ ਹੈ ਪਰ ਉਨ੍ਹਾਂ ਦੀ ਪਾਰਟੀ ਤੰਗ ਨਜ਼ਰੀਏ ਵਾਲੀ ਪਾਰਟੀ ਨਹੀਂ ਹੈ। ਪਾਰਟੀ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪਹਿਲਾਂ ਯੂਪੀਏ ਉਮੀਦਵਾਰ ਪ੍ਰਤਿਭਾ ਪਾਟਿਲ ਤੇ ਪ੍ਰਣਬ ਮੁਖਰਜੀ ਦੀ ਹਮਾਇਤ ਕਰਦੀ ਰਹੀ ਹੈ, ਉਨ੍ਹਾਂ ਦੀ ਪਾਰਟੀ ਇਹ ਫੈਸਲਾ ਦੇਸ਼ ਵਾਸੀਆਂ ਦੇ ਹਿੱਤਾਂ ਨੂੰ ਹੀ ਮੁੱਖ ਰੱਖ ਕੇ ਲੈਂਦੀ ਰਹੀ ਹੈ। ਉਹ ਭਾਜਪਾ ਦੀ ਨਹੀਂ ਬਲਕਿ ਦਰੋਪਦੀ ਮੁਰਮੂ ਦੀ ਹਮਾਇਤ ਕਰ ਰਹੇ ਹਨ।

ਰਾਸ਼ਟਰਪਤੀ ਚੋਣ ਲਈ ਐੱਨਡੀਏ ਉਮੀਦਵਾਰ ਦਰੋਪਦੀ ਮੁਰਮੂ ਨੇ ਅੱਜ ਪੱਛਮੀ ਬੰਗਾਲ ਦੇ ਭਾਜਪਾ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਅਤੇ ਦੇਸ਼ ਦੇ ਸਭ ਤੋਂ ਉੱਚੇ ਸੰਵਿਧਾਨਕ ਅਹੁਦੇ ਲਈ 18 ਜੁਲਾਈ ਨੂੰ ਹੋਣ ਵਾਲੀ ਚੋਣ ਲਈ ਹਮਾਇਤ ਮੰਗੀ। ਇਸ ਦੌਰਾਨ ਮੁਰਮੂ ਆਂਧਰਾ ਪ੍ਰਦੇਸ਼ ਦੀ ਫੇਰੀ ਦੌਰਾਨ ਸੱਤਾਧਾਰੀ ਵਾਈਐੱਸਆਰ ਕਾਂਗਰਸ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਵੀ ਮਿਲੇ ਤੇ ਉਨ੍ਹਾਂ ਤੋਂ ‘ਅਸ਼ੀਰਵਾਦ ਤੇ ਹਮਾਇਤ’ ਮੰਗੀ। ਇੱਥੋਂ ਦੇ ਇੱਕ ਹੋਟਲ ‘ਚ ਤਕਰੀਬਨ ਘੰਟਾ ਭਰ ਚੱਲੀ ਮੀਟਿੰਗ ‘ਚ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਆਗੂਆਂ ਦੇ ਨਾਲ ਪਾਰਟੀ ਦੇ ਸੂਬਾ ਪ੍ਰਧਾਨ ਸੁਕਾਂਤ ਮਜੂਮਦਾਰ ਤੇ ਪੱਛਮੀ ਬੰਗਾਲ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਉਮੀਦਵਾਰ ਸ਼ੁਵੇਂਦੂ ਅਧਿਕਾਰੀ ਵੀ ਮੌਜੂਦ ਸਨ। ਭਾਜਪਾ ਦੀ ਬੰਗਾਲ ਇਕਾਈ ਦੇ ਸੂਤਰਾਂ ਅਨੁਸਾਰ ਮੀਟਿੰਗ ‘ਚ ਪਾਰਟੀ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੇ ਮੁਰਮੂ ਨੂੰ ਰਾਸ਼ਟਰਪਤੀ ਚੋਣ ‘ਚ ਹਮਾਇਤ ਦੇਣ ਦਾ ਭਰੋਸਾ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਉੱਤਰੀ ਕੋਲਾਕਾਤਾ ਸਥਿਤ ਸਵਾਮੀ ਵਿਵੇਕਾਨੰਦ ਦੇ ਜੱਦੀ ਘਰ ਦਾ ਦੌਰਾ ਵੀ ਕੀਤਾ। -ਪੀਟੀਆਈ

ਰਾਸ਼ਟਰਪਤੀ ਚੋਣਾਂ: ਚੋਣ ਕਮਿਸ਼ਨ ਵੱਲੋਂ ਬੈਲੇਟ ਬਾਕਸ ਭੇਜਣੇ ਸ਼ੁਰੂ

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਅੱਜ 18 ਜੁਲਾਈ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ‘ਬੈਲੇਟ ਬਾਕਸ’ ਭੇਜਣੇ ਤੇ ਵੰਡਣੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਇਲਾਵਾ ਚੋਣਾਂ ਨਾਲ ਜੁੜੀ ਹੋਰ ਸਮੱਗਰੀ ਵੀ ਭੇਜੀ ਜਾ ਰਹੀ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਅੱਜ ਚੋਣ ਕਮਿਸ਼ਨਰ ਅਨੂਪ ਚੰਦਰਾ ਪਾਂਡੇ ਨਾਲ ਬੈੱਲਟ ਬਾਕਸ ਭੇਜਣ ਦੇ ਕੰਮ ਦੀ ਨਿਗਰਾਨੀ ਕੀਤੀ। ਇਹ ਸਾਮਾਨ ਇੱਥੇ ਸਥਿਤ ਨਿਰਵਾਚਨ ਸਦਨ ਤੋਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚਲੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਨੂੰ ਭੇਜਿਆ ਗਿਆ। ਦੋ ਦਿਨਾਂ ਵਿਚ ਇਹ ਚੋਣ ਸਮੱਗਰੀ ਵਿਧਾਨ ਸਭਾਵਾਂ ਨੂੰ ਭੇਜ ਦਿੱਤੀ ਜਾਵੇਗੀ। ਸੂਬਾਈ ਵਿਧਾਨ ਸਭਾਵਾਂ ਤੋਂ ਇਲਾਵਾ ਚੋਣਾਂ ਸੰਸਦ ਵਿਚ ਵੀ ਹੋਣਗੀਆਂ। -ਪੀਟੀਆਈ



Source link