ਕੁੱਟਮਾਰ ਦੇ ਮਾਮਲੇ ’ਚ ਫਸਾਉਣ ਦਾ ਦੋਸ਼

ਕੁੱਟਮਾਰ ਦੇ ਮਾਮਲੇ ’ਚ ਫਸਾਉਣ ਦਾ ਦੋਸ਼


ਪੱਤਰ ਪ੍ਰੇਰਕ

ਬਸੀ ਪਠਾਣਾਂ, 13 ਜੁਲਾਈ

ਬਸੀ ਪਠਾਣਾਂ ਦੇ ਬਾਜ਼ਾਰ ‘ਚ ਲੰਘੀ 6 ਜੁਲਾਈ ਨੂੰ ਵਿਪਿਨ ਕੁਮਾਰ ਨਾਮਕ ਵਿਅਕਤੀ ਦੀ ਹੋਈ ਕੁੱਟਮਾਰ ਦੇ ਮਾਮਲੇ ‘ਚ ਬਸੀ ਪਠਾਣਾਂ ਸਿਟੀ ਪੁਲੀਸ ਵੱਲੋਂ ਦਰਜ ਕੇਸ ‘ਚ ਨਾਮਜ਼ਦ 10 ਵਿਅਕਤੀਆਂ ‘ਚੋਂ ਤਿੰਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਬੇਕਸੂਰ ਦੱਸਦਿਆਂ ਉੱਚ ਪੁਲੀਸ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

ਮਾਮਲੇ ‘ਚ ਨਾਮਜ਼ਦ ਬਲਵਿੰਦਰ ਸਿੰਘ ਬਿੱਟੂ, ਸਤਵੀਰ ਸਿੰਘ ਸੇਖੋਂ ਅਤੇ ਪ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਐੱਸਐੱਸਪੀ ਨੂੰ ਦਿੱਤੀ ਦਰਖਾਸਤ ‘ਚ ਦੱਸਿਆ ਕਿ ਕਿਸੇ ਸਾਜ਼ਿਸ਼ ਤਹਿਤ ਉਨ੍ਹਾਂ ਨੂੰ ਝੂਠੇ ਕੇਸ ‘ਚ ਫਸਾਇਆ ਜਾ ਰਿਹਾ ਹੈ। ਇਸ ਲਈ ਉਕਤ ਮਾਮਲੇ ਦੀ ਪੜਤਾਲ ਕਿਸੇ ਹੋਰ ਸੀਨੀਅਰ ਪੁਲੀਸ ਅਧਿਕਾਰੀ ਤੋਂ ਕਰਵਾਈ ਜਾਵੇ। ਸਾਬਕਾ ਐੱਮ.ਸੀ. ਬਲਵਿੰਦਰ ਸਿੰਘ ਬਿੱਟੂ ਦੇ ਜੀਜਾ ਸੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਬਲਵਿੰਦਰ ਸਿੰਘ ਬਿੱਟੂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦਰਸ਼ਨਾਂ ਲਈ ਗਿਆ ਹੋਇਆ। ਉਨ੍ਹਾਂ ਦੋਸ਼ ਲਾਇਆ ਕਿ ਬਲਵਿੰਦਰ ਸਿੰਘ ਬਿੱਟੂ ਦੀ ਪਤਨੀ ਪਰਮਿੰਦਰ ਕੌਰ ਦਾ ਵਿਪਿਨ ਕੁਮਾਰ ਦੇ ਪਿਤਾ ਓਮ ਪ੍ਰਕਾਸ਼ ਨਾਲ ਜਾਇਦਾਦ ਸਬੰਧੀ ਹਾਈ ਕੋਰਟ ‘ਚ ਕੇਸ ਚੱਲਦਾ ਹੈ ਤੇ ਦਬਾਅ ਬਣਾਉਣ ਲਈ ਹੀ ਬਲਵਿੰਦਰ ਸਿੰਘ ਨੂੰ ਇਸ ਮਾਮਲੇ ‘ਚ ਨਾਮਜ਼ਦ ਕਰਵਾਇਆ ਗਿਆ ਹੈ। ਮਾਮਲੇ ‘ਚ ਨਾਮਜ਼ਦ ਸਤਵੀਰ ਸਿੰਘ ਸੇਖੋਂ ਦੀ ਭੈਣ ਹਰਪ੍ਰੀਤ ਕੌਰ ਨੇ ਦੱਸਿਆ ਕਿ ਘਟਨਾ ਵਾਪਰਨ ਸਮੇਂ ਸਤਵੀਰ ਸਿੰਘ ਪਿੰਡ ਤਲਾਣੀਆਂ ਵਿੱਚ ਮੌਜੂਦ ਸੀ ਜਦਕਿ ਪ੍ਰਿਤਪਾਲ ਸਿੰਘ ਦੀ ਪਤਨੀ ਰੋਜ਼ਪ੍ਰੀਤ ਕੌਰ ਨੇ ਦੱਸਿਆ ਕਿ ਘਟਨਾ ਮੌਕੇ ਸਮੇਂ ਉਸਦਾ ਪਤੀ ਸਰਹਿੰਦ ਵਿੱਚ ਆਪਣੀ ਗੱਡੀ ਦਾ ਕੰਮ ਕਰਵਾ ਰਿਹਾ ਸੀ, ਜਿਸ ਦੀ ਪੜਤਾਲ ਕੀਤੀ ਜਾ ਸਕਦੀ ਹੈ।

ਮੁਲਜ਼ਮ ਕਾਨੂੰਨੀ ਚਾਰਾਜੋਈ ਕਰ ਸਕਦੇ ਨੇ: ਜਾਂਚ ਅਧਿਕਾਰੀ

ਜਾਂਚ ਅਧਿਕਾਰੀ ਅਤੇ ਬਸੀ ਪਠਾਣਾਂ ਸਿਟੀ ਪੁਲੀਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਪਵਨ ਕੁਮਾਰ ਨੇ ਕਿਹਾ ਕਿ ਕੁੱਟਮਾਰ ਪੀੜਤ ਵਿਪਿਨ ਕੁਮਾਰ ਦੇ ਬਿਆਨਾਂ ਮੁਤਾਬਕ ਹੀ ਉਕਤ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਮਾਮਲੇ ‘ਚ ਨਾਮਜ਼ਦ ਉਕਤ ਵਿਅਕਤੀ ਜੇਕਰ ਬੇਕਸੂਰ ਹੋਣ ਦਾ ਦਾਅਵਾ ਕਰਦੇ ਹਨ ਤਾਂ ਉਹ ਕਾਨੂੰਨ ਮੁਤਾਬਕ ਬਣਦੀ ਚਾਰਜੋਈ ਕਰ ਸਕਦੇ ਹਨ।Source link