ਭਾਜਪਾ ਵੱਲੋਂ ਅੰਸਾਰੀ ਦੀ ਪਾਕਿਸਤਾਨੀ ਪੱਤਰਕਾਰ ਨਾਲ ਤਸਵੀਰ ਨਸ਼ਰ

ਭਾਜਪਾ ਵੱਲੋਂ ਅੰਸਾਰੀ ਦੀ ਪਾਕਿਸਤਾਨੀ ਪੱਤਰਕਾਰ ਨਾਲ ਤਸਵੀਰ ਨਸ਼ਰ


ਨਵੀਂ ਦਿੱਲੀ, 15 ਜੁਲਾਈ

ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਦੇ ਪਾਕਿਸਤਾਨ ਦੇ ਇੱਕ ਪੱਤਰਕਾਰ ਨਾਲ ਕਥਿਤ ਸੰਪਰਕ ‘ਚ ਰਹਿਣ ਦੇ ਮੁੱਦੇ ‘ਤੇ ਅੱਜ ਕਾਂਗਰਸ ਨੂੰ ਨਿਸ਼ਾਨੇ ‘ਤੇ ਲਿਆ ਅਤੇ ਇੱਕ ਤਸਵੀਰ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਭਾਰਤ ‘ਚ ਇੱਕ ਸੰਮੇਲਨ ਦੌਰਾਨ ਉਨ੍ਹਾਂ ਦੋਵਾਂ ਨੇ ਮੰਚ ਸਾਂਝਾ ਕੀਤਾ ਸੀ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਇੱਕ ਪੱਤਰਕਾਰ ਨੁਸਰਤ ਮਿਰਜ਼ਾ ਨੇ ਦਾਅਵਾ ਕੀਤਾ ਸੀ ਕਿ ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ ਉਸ ਨੇ ਪੰਜ ਵਾਰ ਭਾਰਤ ਦਾ ਦੌਰਾ ਕੀਤਾ ਸੀ ਅਤੇ ਉਸ ਨੇ ਉਥੋਂ ਹਾਸਲ ਸੰਵੇਦਨਸ਼ੀਲ ਖੁਫੀਆ ਜਾਣਕਾਰੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਨੂੰ ਮੁਹੱਈਆ ਕੀਤੀ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਮਿਰਜ਼ਾ ਦੀ ਇੰਟਰਵਿਊ ਦੀ ਇੱਕ ਵੀਡੀਓ ਕਲਿੱਪ ‘ਚ ਉਸ ਨੂੰ ਇਹ ਦਾਅਵਾ ਕਰਦਿਆਂ ਦੇਖਿਆ ਜਾ ਸਕਦਾ ਹੈ ਕਿ ਉਹ ਅੰਸਾਰੀ ਦੇ ਸੱਦੇ ‘ਤੇ ਭਾਰਤ ਆਇਆ ਸੀ ਤੇ ਉਨ੍ਹਾਂ ਨੂੰ ਮਿਲਿਆ ਵੀ ਸੀ। ਭਾਜਪਾ ਨੇ ਮਿਰਜ਼ਾ ਦੇ ਦਾਅਵੇ ਦਾ ਹਵਾਲਾ ਦਿੰਦਿਆਂ ਪਿਛਲੇ ਦਿਨੀਂ ਕਿਹਾ ਕਿ ਅੰਸਾਰੀ ਨੇ ਉਸ ਨਾਲ ਕਈ ਸੰਵੇਦਨਸ਼ੀਲ ਤੇ ਬਹੁਤ ਖੁਫੀਆ ਜਾਣਕਾਰੀਆਂ ਸਾਂਝੀਆਂ ਕੀਤੀਆਂ ਸਨ। ਭਾਜਪਾ ਨੇ ਅੰਸਾਰੀ ‘ਤੇ ਪਾਕਿਸਤਾਨੀ ਪੱਤਰਕਾਰ ਨੂੰ ਭਾਰਤ ਸੱਦਣ ਦਾ ਦੋਸ਼ ਵੀ ਲਾਇਆ ਸੀ। ਭਾਜਪਾ ਦੇ ਹੈੱਡਕੁਆਰਟਰ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਇੱਕ ਤਸਵੀਰ ਦਿਖਾਈ ਜਿਸ ‘ਚ ਅੰਸਾਰੀ ਤੇ ਮਿਰਜ਼ਾ 2009 ‘ਚ ਭਾਰਤ ‘ਚ ਅਤਿਵਾਦ ਦੇ ਮੁੱਦੇ ‘ਤੇ ਹੋਏ ਇੱਕ ਸੰਮੇਲਨ ‘ਚ ਮੰਚ ਸਾਂਝਾ ਕਰਦੇ ਹੋਏ ਦਿਖਾਈ ਦੇ ਰਹੇ ਹਨ। ਭਾਟੀਆ ਨੇ ਕਿਹਾ ਕਿ ਸੰਵਿਧਾਨ ਅਹੁਦਿਆਂ ‘ਤੇ ਬੈਠੇ ਕਿਸੇ ਵਿਅਕਤੀ ਦਾ ਜਦੋਂ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਉਸ ਦੇ ਪ੍ਰੋਟੋਕੋਲ ਤਹਿਤ ਉਨ੍ਹਾਂ ਦਾ ਦਫ਼ਤਰ ਇਹ ਜਾਣਕਾਰੀ ਪ੍ਰਾਪਤ ਕਰਦਾ ਹੈ ਕਿ ਉਸ ਪ੍ਰੋਗਰਾਮ ‘ਚ ਕੌਣ-ਕੌਣ ਸ਼ਾਮਲ ਹੋਵੇਗਾ। -ਪੀਟੀਆਈ

ਪਾਕਿਸਤਾਨੀ ਪੱਤਰਕਾਰ ਨੁਸਰਤ ਮਿਰਜ਼ਾ ਨੂੰ ਸੱਦਾ ਨਹੀਂ ਦਿੱਤਾ: ਅੰਸਾਰੀ

ਨਵੀਂ ਦਿੱਲੀ: ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਅੱਜ ਕਿਹਾ ਕਿ ਉਹ ਆਪਣੇ ਪਹਿਲਾਂ ਵਾਲੇ ਬਿਆਨ ‘ਤੇ ਕਾਇਮ ਹਨ ਕਿ ਉਨ੍ਹਾਂ ਪਾਕਿਸਤਾਨੀ ਪੱਤਰਕਾਰ ਨੁਸਰਤ ਮਿਰਜ਼ਾ ਨੂੰ ਕਿਸੇ ਕਾਨਫਰੰਸ ਲਈ ਸੱਦਾ ਨਹੀਂ ਦਿੱਤਾ ਤੇ ਨਾ ਹੀ ਉਨ੍ਹਾਂ ਨੂੰ ਇਸ ਬਾਰੇ ਪਤਾ ਹੈ। ਸ੍ਰੀ ਅੰਸਾਰੀ ਨੇ ਇਸ ਸਬੰਧੀ ਲਾਏ ਜਾ ਰਹੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਅੰਸਾਰੀ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ, ‘ਸਾਬਕਾ ਉਪ ਰਾਸ਼ਟਰਪਤੀ ਆਪਣੇ ਪਹਿਲਾਂ ਵਾਲੇ ਬਿਆਨ ‘ਤੇ ਕਾਇਮ ਹਨ ਕਿ ਉਨ੍ਹਾਂ ਨੁਸਰਤ ਮਿਰਜ਼ਾ ਵੱਲੋਂ ਦੱਸੀ ਗਈ 2010 ਦੀ ਕਾਨਫਰੰਸ ਜਾਂ 2009 ‘ਚ ਅਤਿਵਾਦ ਬਾਰੇ ਹੋਈ ਕਾਨਫਰੰਸ ਸਮੇਤ ਕਿਸੇ ਵੀ ਸਮਾਗਮ ਲਈ ਪਾਕਿਸਤਾਨੀ ਪੱਤਰਕਾਰ ਨੁਸਰਤ ਮਿਰਜ਼ਾ ਨੂੰ ਸੱਦਾ ਨਹੀਂ ਦਿੱਤਾ ਤੇ ਨਾ ਹੀ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਹੈ।’ -ਪੀਟੀਆਈSource link