ਫਤਹਿਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਸੀਨੀਅਰ ਅਕਾਲੀ ਆਗੂ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ (79) ਦਾ ਅੱਜ ਲੰਮੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ ਹੈ। ਅੰਮ੍ਰਿਤਸਰ ਦੇ ਐਸਕਾਰਟ ਹਸਪਤਾਲ ਵਿੱਚ ਅੱਜ ਤੜਕੇ ਉਨ੍ਹਾਂ ਆਖਰੀ ਸਾਹ ਲਏ। ਕਾਹਲੋਂ ਦੇ ਸਪੁੱਤਰਾਂ ਰਵੀਕਰਨ ਸਿੰਘ ਅਤੇ ਸ਼ਿਵਕਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸਸਕਾਰ 17 ਜੁਲਾਈ ਨੂੰ ਜੱਦੀ ਪਿੰਡ ਦਾਦੂਯੋਧ (ਫਤਹਿਗੜ੍ਹ ਚੂੜੀਆਂ) ਵਿੱਚ ਕੀਤਾ ਜਾਵੇਗਾ। ਉਹ ਦੋ ਵਾਰ ਕੈਬਨਿਟ ਮੰਤਰੀ ਤੇ ਇੱਕ ਵਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਹੋਰ ਵੱਖ-ਵੱਖ ਆਗੂਆਂ ਨੇ ਕਾਹਲੋਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।