ਜ਼ੀਰਕਪੁਰ ’ਚ ਪੁਲੀਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ

ਜ਼ੀਰਕਪੁਰ ’ਚ ਪੁਲੀਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ


ਹਰਜੀਤ ਸਿੰਘ

ਜ਼ੀਰਕਪੁਰ, 17 ਜੁਲਾਈ

ਇੱਥੋਂ ਦੇ ਬਲਟਾਣਾ ਖੇਤਰ ਵਿਚਲੀ ਫਰਨੀਚਰ ਮਾਰਕੀਟ ਵਿਚ ਅੱਜ ਪੁਲੀਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਆਂ ਚੱਲੀਆਂ। ਇਸ ਦੌਰਾਨ ਚਾਰ ਗੈਂਗਸਟਰਾਂ ਵਿਚੋਂ ਇਕ ਗੈਂਗਸਟਰ ਦੇ ਗੋਲੀ ਲੱਗੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਤੇ ਬਾਕੀ ਗੈਂਗਸਟਰਾਂ ਨੇ ਆਤਮ ਸਮਰਪਣ ਕਰ ਦਿੱਤਾ। ਇਹ ਗੈਂਗਸਟਰ ਭੁੂਪੀ ਰਾਣਾ ਗਰੋਹ ਦੇ ਮੈਂਬਰ ਸਨ ਤੇ ਇੱਥੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਗਾਤਾਰ ਹੋਟਲ ਮਾਲਕਾਂ ਅਤੇ ਬਿਲਡਰਾਂ ਕੋਲੋਂ ਫਿਰੌਤੀ ਦੀ ਮੰਗ ਕਰ ਰਹੇ ਸਨ। ਡੀਐੱਸਪੀ ਵਿਕਰਮ ਬਰਾੜ ਨੂੰ ਸੂਚਨਾ ਮਿਲੀ ਸੀ ਕਿ ਕੁਝ ਗੈਂਗਸਟਰ ਫਰਨੀਚਰ ਮਾਰਕੀਟ ਦੇ ਹੋਟਲ ਰਿਲੈਕਸ ਇਨ ਦੇ ਮਾਲਕ ਕੋਲੋਂ ਫਿਰੌਤੀ ਨਾ ਮਿਲਣ ਕਾਰਨ ਅੱਜ ਉਸ ਨੂੰ ਡਰਾਉਣ ਲਈ ਆਏ ਸਨ।  ਸੂਚਨਾ ਮਗਰੋਂ ਪੁਲੀਸ ਨੇ ਹੋਟਲ ਦੀ ਘੇਰਾਬੰਦੀ ਕੀਤੀ ਤੇ ਗੈਂਗਸਟਰਾਂ ਨੂੰ ਖੁਦ ਨੂੰ ਪੁਲੀਸ ਹਵਾਲੇ ਕਰਨ ਲਈ ਕਿਹਾ ਪਰ ਗੈਂਗਸਟਰਾਂ ਨੇ ਆਤਮ-ਸਮਰਪਣ ਕਰਨ ਦੀ ਥਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲੀ ਗੋਲੀ ਬੁਲਟ ਪਰੂਫ ਜੈਕੇਟ ਪਾ ਕੇ ਗਏ ਪੁਲੀਸ ਮੁਲਾਜ਼ਮ ਦੇ ਲੱਗੀ, ਪਰ ਉਸ ਦਾ ਬਚਾਅ ਹੋ ਗਿਆ। ਉਸ ਤੋਂ ਬਾਅਦ ਗੈਂਗਸਟਰਾਂ ਨੇ ਪੁਲੀਸ ਮੁਲਾਜ਼ਮ ਦੇ ਸਿਰ ਵਿੱਚ ਬੰਦੂਕਾਂ ਦੇ ਬੱਟ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।  ਜਿਸ ਮਗਰੋਂ ਪੁਲੀਸ ਨੇ ਵੀ ਜਵਾਬੀ ਗੋਲੀਆਂ ਚਲਾਈਆਂ। ਇਸ ਦੌਰਾਨ ਪੁਲੀਸ ਦੀ ਇਕ ਗੋਲੀ ਇਕ ਗੈਂਗਸਟਰ ਦੇ ਪੈਰ ‘ਤੇ ਲੱਗੀ ਤੇ ਉਹ ਜ਼ਖ਼ਮੀ ਹੋ ਗਿਆ ਜਿਸ ਮਗਰੋਂ ਗੈਂਗਸਟਰਾਂ ਨੇ ਘਬਰਾ ਕੇ ਆਪਣੇ ਆਪ ਨੂੰ ਪੁਲੀਸ ਹਵਾਲੇ ਕਰ ਦਿੱਤਾ। ਖ਼ਬਰ ਲਿਖੇ ਜਾਣ ਤੱਕ ਪੁਲੀਸ ਗੈਂਗਸਟਰਾਂ ਕੋਲੋਂ ਪੁੱਛਗਿੱਛ ਕਰ ਰਹੀ ਸੀ ਤੇ ਇਸ ਮੌਕੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ। ਪੁਲੀਸ ਇਨ੍ਹਾਂ ਮੁਲਜ਼ਮਾਂ ਦੀ ਕਾਫ਼ੀ ਦਿਨਾਂ ਤੋਂ ਪੈੜ ਨੱਪ ਰਹੀ ਸੀ।



Source link