ਪਾਕਿ: ਪੰਜਾਬ ਸੂਬੇ ਵਿੱਚ ‘ਪੀਟੀਆਈ’ ਦੀ ਸਰਕਾਰ ਬਣਨ ਦਾ ਰਾਹ ਪੱਧਰਾ

ਪਾਕਿ: ਪੰਜਾਬ ਸੂਬੇ ਵਿੱਚ ‘ਪੀਟੀਆਈ’ ਦੀ ਸਰਕਾਰ ਬਣਨ ਦਾ ਰਾਹ ਪੱਧਰਾ


ਲਾਹੌਰ, 18 ਜੁਲਾਈ

ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਹੋਈਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ‘ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੇ ਅੱਜ ਪਾਰਟੀ ਦੀ ਜਿੱਤ ‘ਤੇ ਜਸ਼ਨ ਮਨਾਇਆ। ਇਸ ਜਿੱਤ ਨਾਲ ‘ਪੀਟੀਆਈ’ ਨੇ ਇਕ ਅਹਿਮ ਸੂਬਾ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਤੋਂ ਖੋਹ ਲਿਆ ਹੈ। 20 ਹਲਕਿਆਂ ਲਈ ਵੋਟਿੰਗ ਐਤਵਾਰ ਦੇਰ ਰਾਤ ਮੁਕੰਮਲ ਹੋਈ ਸੀ। ਇਮਰਾਨ ਦੀ ਪਾਰਟੀ ਨੇ 15 ਸੀਟਾਂ ਉਤੇ ਜਿੱਤ ਹਾਸਲ ਕੀਤੀ ਹੈ ਜਦਕਿ ਇਕ ਆਜ਼ਾਦ ਉਮੀਦਵਾਰ ਵੀ ਜਿੱਤਿਆ ਹੈ। ਮੁਸਲਿਮ ਲੀਗ-ਨਵਾਜ਼ ਨੂੰ ਚਾਰ ਸੀਟਾਂ ਉਤੇ ਜਿੱਤ ਨਸੀਬ ਹੋਈ ਹੈ। ਇਸ ਜਿੱਤ ਨਾਲ ਖਾਨ ਦੀ ਪਾਰਟੀ ‘ਪੀਟੀਆਈ’ ਤੇ ਉਸ ਦੀ ਭਾਈਵਾਲ ਧਿਰ ਪੀਐਮਐਲ-ਕਿਊ ਦੀਆਂ ਸੀਟਾਂ ਦੀ ਗਿਣਤੀ ਵਧ ਕੇ 188 ਹੋ ਗਈ ਹੈ। ਬਹੁਮਤ ਹਾਸਲ ਕਰਨ ਲਈ ਪੰਜਾਬ ਵਿਧਾਨ ਸਭਾ ਵਿਚ 186 ਮੈਂਬਰਾਂ ਦੀ ਲੋੜ ਪੈਂਦੀ ਹੈ। ਪੀਐਮਐਲ-ਐੱਨ ਤੇ ਇਸ ਦੇ ਭਾਈਵਾਲਾਂ ਕੋਲ 179 ਮੈਂਬਰ ਹਨ। ਪੀਟੀਆਈ-ਪੀਐਮਐਲਕਿਊ ਦੇ ਸਾਂਝੇ ਉਮੀਦਵਾਰ ਚੌਧਰੀ ਪਰਵੇਜ਼ ਇਲਾਹੀ ਪੰਜਾਬ ਸੂਬੇ ਦੇ ਨਵੇਂ ਮੁੱਖ ਮੰਤਰੀ ਬਣ ਸਕਦੇ ਹਨ। ਉਹ ਹਮਜ਼ਾ ਸ਼ਾਹਬਾਜ਼ ਦੀ ਥਾਂ ਲੈ ਸਕਦੇ ਹਨ ਜੋ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਪੁੱਤਰ ਹਨ। ‘ਪੀਟੀਆਈ’ ਨੇ ਹਮਜ਼ਾ ਤੋਂ ਅਸਤੀਫ਼ਾ ਮੰਗਿਆ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਪੀਟੀਆਈ ਦੇ 25 ਵਿਧਾਇਕਾਂ ਨੂੰ ਉਸ ਵੇਲੇ ਅਯੋਗ ਕਰਾਰ ਦਿੱਤਾ ਸੀ ਜਦ ਉਨ੍ਹਾਂ ਪਿਛਲੇ ਸਾਲ ਅਪਰੈਲ ਵਿਚ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਪਈਆਂ ਵੋਟਾਂ ਵਿਚ ਹਮਜ਼ਾ ਸ਼ਾਹਬਾਜ਼ ਨੂੰ ਵੋਟ ਪਾਈ ਸੀ। ਲਾਹੌਰ ਵਿਚ ਵੀ ਪੀਟੀਆਈ ਨੇ ਚਾਰ ਵਿਚੋਂ ਤਿੰਨ ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਇਮਰਾਨ ਖਾਨ ਨੇ ਸਰਕਾਰ ਦੇ ਗਠਨ ਲਈ ਇਸਲਾਮਾਬਾਦ ਵਿਚ ਪਾਰਟੀ ਦੀ ਕੋਰ ਕਮੇਟੀ ਨਾਲ ਮੀਟਿੰਗ ਕੀਤੀ ਹੈ। ਪੀਐਮਐਲ-ਐਨ ਦੇ ਆਗੂਆਂ ਨੇ ਹਾਰ ਸਵੀਕਾਰ ਕਰ ਲਈ ਹੈ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਕਿਹਾ ਕਿ ‘ਕੁਝ ਮੁਸ਼ਕਲ ਫ਼ੈਸਲੇ’ ਪਾਰਟੀ ਨੂੰ ਮਹਿੰਗੇ ਪਏ ਹਨ। ਉਨ੍ਹਾਂ ਕਿਹਾ ਕਿ ਆਈਐਮਐਫ ਨਾਲ ਸੌਦਾ ਕਰਨ ਲਈ ਸਰਕਾਰ ਨੂੰ ਕੁਝ ਮੁਸ਼ਕਲ ਫ਼ੈਸਲੇ ਲੈਣੇ ਪਏ। -ਪੀਟੀਆਈ

ਹੁਣ ਮੁਲਕ ‘ਚ ‘ਨਿਰਪੱਖ ਤੇ ਆਜ਼ਾਦ’ ਆਮ ਚੋਣਾਂ ਹੋਣ: ਇਮਰਾਨ

ਲਾਹੌਰ: ਪੰਜਾਬ ਚੋਣਾਂ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਇਮਰਾਨ ਖਾਨ ਨੇ ਹੁਣ ਪਾਕਿਸਤਾਨ ਵਿਚ ‘ਨਿਰਪੱਖ ਤੇ ਆਜ਼ਾਦ’ ਆਮ ਚੋਣਾਂ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਲਕ ਨੂੰ ਸਿਆਸੀ ਅਸਥਿਰਤਾ ਤੋਂ ਨਿਜਾਤ ਦਿਵਾਉਣ ਲਈ ਅਜਿਹਾ ਕਰਨਾ ਜ਼ਰੂਰੀ ਹੈ। ਇਸ ਦੇ ਨਾਲ ਹੀ ਇਮਰਾਨ ਨੇ ਮੁੱਖ ਚੋਣ ਕਮਿਸ਼ਨਰ ਸਿਕੰਦਰ ਸੁਲਤਾਨ ਰਾਜਾ ਉਤੇ ਪੱਖਪਾਤ ਦਾ ਦੋਸ਼ ਲਾਉਂਦਿਆਂ ਉਨ੍ਹਾਂ ਦਾ ਅਸਤੀਫ਼ਾ ਵੀ ਮੰਗਿਆ ਹੈ। -ਪੀਟੀਆਈ



Source link