ਮੁਕਾਬਲੇ ਤੋਂ ਪਹਿਲਾਂ ਆਤਮ-ਸਮਰਪਣ ਕਰਨਾ ਚਾਹੁੰਦੇ ਸੀ ਰੂਪਾ ਤੇ ਮੰਨੂ

ਮੁਕਾਬਲੇ ਤੋਂ ਪਹਿਲਾਂ ਆਤਮ-ਸਮਰਪਣ ਕਰਨਾ ਚਾਹੁੰਦੇ ਸੀ ਰੂਪਾ ਤੇ ਮੰਨੂ


ਜੋਗਿੰਦਰ ਸਿੰਘ ਮਾਨ

ਮਾਨਸਾ, 24 ਜੁਲਾਈ

ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਸ਼ਾਰਪ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਆਤਮ-ਸਮਰਪਣ ਕਰਨਾ ਚਾਹੁੰਦੇ ਸਨ। ਇਸ ਗੱਲ ਦਾ ਦਾਅਵਾ ਰੂਪਾ ਤੇ ਮੰਨੂ ਦੇ ਮੁਕਾਬਲੇ ‘ਚ ਸ਼ਾਮਲ ਮਾਨਸਾ ਵਿੱਚ ਤਾਇਨਾਤ ਸੀਆਈਏ ਦੇ ਇੰਚਾਰਜ ਪ੍ਰਿਤਪਾਲ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਪੁਲੀਸ ਅਧਿਕਾਰੀ ਅਨੁਸਾਰ ਸ਼ਾਰਪ ਸ਼ੂਟਰਾਂ ਤੇ ਪੁਲੀਸ ਵਿਚਾਲੇ ਕਰੀਬ ਇੱਕ ਘੰਟੇ ਤੱਕ ਗੋਲੀਬਾਰੀ ਹੋਈ। ਇਸ ਤੋਂ ਬਾਅਦ ਅਚਾਨਕ ਸ਼ੂਟਰਾਂ ਨੇ ਗੋਲੀਆਂ ਚਲਾਉਣੀਆਂ ਬੰਦ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਉਹ ਦੋਵੇਂ ਆਤਮ-ਸਮਰਪਣ ਕਰਨਾ ਚਾਹੁੰਦੇ ਸਨ ਅਤੇ ਉਨ੍ਹਾਂ ਛੱਤ ਤੋਂ ਪੁਲੀਸ ਵਾਲਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪੱਤਰਕਾਰਾਂ ਸਾਹਮਣੇ ਆਤਮ-ਸਮਰਪਣ ਕਰਨਗੇ। ਉਨ੍ਹਾਂ ਕਿਹਾ ਕਿ ਪੁਲੀਸ ਇਸ ਗੱਲ ਨੂੰ ਮੰਨ ਗਈ ਅਤੇ 15 ਮਿੰਟ ਉਡੀਕ ਕਰਨ ਲਈ ਕਿਹਾ। ਪੁਲੀਸ ਅਧਿਕਾਰੀ ਨੇ ਕਿਹਾ ਕਿ ਉਹ ਸਿਰਫ 5 ਮਿੰਟ ਲਈ ਚੁੱਪ ਰਹੇ ਅਤੇ ਫਿਰ ਉਸ ਤੋਂ ਬਾਅਦ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਹੋਈ।

ਜ਼ਿਕਰਯੋਗ ਹੈ ਕਿ ਪੁਲੀਸ ਨੂੰ ਸ਼ਾਰਪ ਸ਼ੂਟਰਾਂ ਕੋਲੋਂ ਇੱਕ ਟੁੱਟਿਆ ਹੋਇਆ ਮੋਬਾਈਲ ਫੋਨ ਮਿਲਿਆ ਹੈ, ਜਿਸ ਦੀ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੂੰ ਸ਼ੱਕ ਹੈ ਕਿ ਕਿਸੇ ਹੋਰ ਗੈਂਗਸਟਰ ਨੇ ਉਨ੍ਹਾਂ ਨੂੰ ਆਤਮ ਸਮਰਪਣ ਨਾ ਕਰਨ ਲਈ ਕਿਹਾ। ਇਸ ਕਾਰਨ ਉਨ੍ਹਾਂ ਆਪਣਾ ਮਨ ਬਦਲ ਲਿਆ। ਇਹ ਵੀ ਪਤਾ ਲੱਗਿਆ ਹੈ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਸ਼ਾਰਪ ਸ਼ੂਟਰ ਮੰਨੂ ਅਤੇ ਰੂਪਾ ਵਿਦੇਸ਼ ਭੱਜਣ ਲਈ ਰਾਜ਼ੀ ਨਹੀਂ ਹੋਏ, ਹਾਲਾਂਕਿ ਪੁਲੀਸ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਕੈਨੇਡਾ ਬੈਠੇ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੇ ਉਨ੍ਹਾਂ ਬਾਹਰ ਜਾਣ ਲਈ ਕਿਹਾ ਸੀ।

ਸ਼ੂਟਰਾਂ ਨੂੰ ਸਮਰਪਣ ਕਰਨ ਲਈ ਕਿਹਾ ਸੀ: ਗੋਲਡੀ ਬਰਾੜ

ਮਾਨਸਾ (ਪੱਤਰ ਪ੍ਰੇਰਕ): ਮਨਪ੍ਰੀਤ ਮੰਨੂ ਅਤੇ ਜਗਰੂਪ ਸਿੰਘ ਰੂਪਾ ਦੇ ਮਾਰੇ ਜਾਣ ਤੋਂ ਚਾਰ ਦਿਨ ਬਾਅਦ, ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਦਾਅਵਾ ਕੀਤਾ ਕਿ ਸ਼ੂਟਰਾਂ ਨੇ ਪੁਲੀਸ ਦੀ ਘੇਰਾਬੰਦੀ ਦੌਰਾਨ ਉਸ ਨਾਲ ਸੰਪਰਕ ਕੀਤਾ ਅਤੇ ਆਤਮ ਸਮਰਪਣ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਗੋਲਡੀ ਬਰਾੜ ਨੇ ਪੋਸਟ ਵਿੱਚ ਕਿਹਾ ਕਿ ਜਗਰੂਪ ਅਤੇ ਮਨਪ੍ਰੀਤ ਦੋਵਾਂ ਨੇ ਉਸ ਲਈ ਬਹੁਤ ਕੁਝ ਕੀਤਾ ਹੈ ਤੇ ਉਹ ਇਸ ਨੂੰ ਕਦੇ ਨਹੀਂ ਭੁੱਲੇਗਾ। ਉਸ ਨੇ ਅੱਗੇ ਦਾਅਵਾ ਕੀਤਾ ਕਿ ਜਦੋਂ ਉਹ ਪੁਲੀਸ ਨਾਲ ਭਿੜ ਰਹੇ ਸਨ ਤਾਂ ਜਗਰੂਪ ਨੇ ਉਸ ਨੂੰ ਮੋਬਾਈਲ ਫੋਨ ਜ਼ਰੀਏ ਦੱਸਿਆ ਕਿ ਪੁਲੀਸ ਨੇ ਉਨ੍ਹਾਂ ਨੂੰ ਘੇਰ ਲਿਆ ਹੈ। ਉਸ ਨੇ ਭਰੋਸਾ ਦੇ ਕੇ ਆਤਮ-ਸਮਰਪਣ ਕਰਨ ਲਈ ਕਿਹਾ। ਉਸ ਨੇ ਉਨ੍ਹਾਂ ਨੂੰ ਜੇਲ੍ਹ ‘ਚੋਂ ਬਾਹਰ ਕੱਢਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਆਤਮ-ਸਮਰਪਣ ਨਹੀਂ ਕਰਨਗੇ ਅਤੇ ਆਪਣਾ ਆਖਰੀ ਪ੍ਰਦਰਸ਼ਨ ਦਿਖਾਉਣਾ ਚਾਹੁੰਦੇ ਹਨ। ਅੱਗੇ ਉਸ ਨੇ ਦਾਅਵਾ ਕੀਤਾ ਕਿ ਮੂਸੇਵਾਲਾ ਨੂੰ ਮਾਰਨ ਵਾਲੇ 8 ਵਿਅਕਤੀ ਸਨ, ਜਦੋਂਕਿ ਦੋ ਵਿਅਕਤੀ 1000 ਤੋਂ ਵੱਧ ਪੁਲੀਸ ਵਾਲਿਆਂ ਦੇ ਵਿਰੁੱਧ ਖੜ੍ਹੇ ਸਨ। ਉੱਧਰ ਹਾਲਾਂਕਿ, ਪੁਲੀਸ ਨੇ ਛੇ ਸ਼ੂਟਰਾਂ ਦੀ ਪਛਾਣ ਕੀਤੀ ਹੈ। ਆਪਣੀ ਪੋਸਟ ਵਿੱਚ ਗੈਂਗਸਟਰ ਗੋਲਡੀ ਬਰਾੜ ਨੇ ਦਾਅਵਾ ਕੀਤਾ ਕਿ ਪੁਲੀਸ ਵੱਲੋਂ ਅੰਕਿਤ ਸੇਰਸਾ ਰਾਹੀਂ ਪੈਸੇ ਨਾ ਦੇਣ ਅਤੇ ਫੋਨ ਨਾ ਚੁੱਕਣ ਦੀ, ਜੋ ਗੱਲ ਕਹੀ ਜਾ ਰਹੀ ਹੈ, ਉਹ ਗਲਤ ਹੈ, ਕਿਉਂਕਿ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਨਾਲ ਜੁੜੇ ਸਾਰੇ ਸਾਥੀ ਉਸ ਦੇ ਭਰਾ ਹਨ।



Source link