ਟੌਲ ਪਲਾਜ਼ਾ ਦੇ ਕਰਿੰਦਿਆਂ ਅਤੇ ਪੀਆਰਟੀਸੀ ਕੰਡਕਟਰ ’ਚ ਝੜਪ ਦਾ ਮਾਮਲਾ ਭਖ਼ਿਆ: ਦੋਵੇਂ ਧਿਰਾਂ ਨੇ ਧਰਨੇ ਲਗਾਏ

ਟੌਲ ਪਲਾਜ਼ਾ ਦੇ ਕਰਿੰਦਿਆਂ ਅਤੇ ਪੀਆਰਟੀਸੀ ਕੰਡਕਟਰ ’ਚ ਝੜਪ ਦਾ ਮਾਮਲਾ ਭਖ਼ਿਆ: ਦੋਵੇਂ ਧਿਰਾਂ ਨੇ ਧਰਨੇ ਲਗਾਏ


ਲਖਵੀਰ ਸਿੰਘ ਚੀਮਾ

ਟੱਲੇਵਾਲ, 30 ਜੁਲਾਈ

ਬਰਨਾਲਾ ਦੇ ਮੋਗਾ ਰੋਡ ਉਪਰ ਪਿੰਡ ਚੀਮਾ ਨੇੜੇ ਟੌਲ ਪਲਾਜ਼ਾ ਉਪਰ ਬੀਤੇ ਦਿਨ ਪੀਆਰਟੀਸੀ ਬੱਸ ਦੇ ਕੰਡਕਟਰ ਅਤੇ ਟੌਲ ਪਲਾਜ਼ਾ ਮੁਲਾਜ਼ਮਾਂ ਵਿਚਾਲੇ ਝੜਪ ਦਾ ਮਾਮਲਾ ਅੱਜ ਹੋਰ ਭਖ ਗਿਆ। ਪੁਲੀਸ ਵਲੋਂ ਕਥਿਤ ਤੌਰ ‘ਤੇ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਪੰਜਾਬ ਰੋਡਵੇਜ਼ ਤੇ ਪਨਸਪ ਪੀਆਰਟੀਸੀ ਕੰਟਰੈਕਟ ਯੂਨੀਅਨ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਬੱਸ ਕੰਡਕਟਰਾਂ ਅਤੇ ਡਰਾਈਵਰਾਂ ਨੇ ਟੌਲ ਪਲਾਜ਼ਾ ਉਪਰ ਰੋਡ ਜਾਮ ਕਰਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਟੌਲ ਪਲਾਜ਼ਾ ਮੁਲਾਜ਼ਮਾਂ ਵਲੋਂ ਵੀ ਧਰਨਾ ਲਗਾ ਕੇ ਆਪਣੇ ਲਈ ਇਨਸਾਫ਼ ਮੰਗਿਆ ਜਾ ਰਿਹਾ ਹੈ। ਦੋਵੇਂ ਧਿਰਾਂ ਦੇ ਇਸ ਸੰਘਰਸ਼ ਕਾਰਨ ਬਰਨਾਲਾ ਤੋਂ ਫ਼ਰੀਦਕੋਟ ਅਤੇ ਮੋਗਾ ਨੂੰ ਜਾਣ ਵਾਲੇ ਦੋਵੇਂ ਮੁੱਖ ਮਾਰਗ ਜਾਮ ਹੋ ਗਏ। ਇਸ ਮੌਕੇ ਗੱਲਬਾਤ ਕਰਦਿਆਂ ਮੁਲਾਜ਼ਮਾਂ ਦੀ ਜੱਥੇਬੰਦੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਟੌਲ ਪਲਾਜ਼ਾ ਦੇ ਕਰਿੰਦਿਆਂ ਨੇ ਉਨ੍ਹਾਂ ਦੇ ਮੁਲਾਜ਼ਮ ਦੀ ਬਗ਼ੈਰ ਕਾਰਨ ਕੁੱਟਮਾਰ ਕੀਤੀ ਹੈ, ਜਿਸ ਸਬੰਧੀ ਉਹ ਤਿੰਨ ਦਿਨਾਂ ਤੋਂ ਪੁਲੀਸ ਕੋਲ ਕਾਰਵਾਈ ਦੀ ਮੰਗ ਕਰ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ। ਇਸ ਕਰਕੇ ਅੱਜ ਮਜਬੂਰਨ ਟੌਲ ਪਲਾਜ਼ਾ ‘ਤੇ ਪ੍ਰਦਰਸ਼ਨ ਕਰਨਾ ਪਿਆ ਹੈ। ਕੰਡਕਟਰ ਦੀ ਕੁੱਟਮਾਰ ਕਰਨ ਵਾਲੇ ਟੌਲ ਪਲਾਜ਼ਾ ਦੇ ਕਰਿੰਦਿਆਂ ਵਿਰੁੱਧ ਜਿੰਨਾ ਸਮਾਂ ਪਰਚਾ ਦਰਜ ਨਹੀਂ ਹੁੰਦਾ, ਉਹ ਆਪਣਾ ਧਰਨਾ ਨਹੀਂ ਚੁੱਕਣਗੇ।

ਟੌਲ ਪਲਾਜ਼ਾ ਮੁਲਾਜ਼ਮ ਪ੍ਰਦਰਸ਼ਨ ਕਰਦੇ ਹੋਏ।

ਉਥੇ ਦੂਜੇ ਪਾਸੇ ਟੌਲ ਪਲਾਜ਼ਾ ‘ਤੇ ਕੰਮ ਕਰਨ ਵਾਲੇ ਨੌਜਵਾਨਾਂ ਵਲੋਂ ਵੀ ਆਪਣੇ ਲਈ ਇਨਸਾਫ਼ ਦੀ ਮੰਗ ਕਰਦਿਆਂ ਟੌਲ ਪਲਾਜ਼ਾ ‘ਤੇ ਦੂਜੇ ਪਾਸੇ ਧਰਨਾ ਲਗਾ ਦਿੱਤਾ ਗਿਆ। ਟੌਲ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਬੱਸ ਕੰਡਕਟਰ ਵਲੋਂ ਜਿਥੇ ਪਰਚੀ ਕੱਟ ਰਹੀ ਇੱਕ ਲੜਕੀ ਲਈ ਮਾੜੀ ਸ਼ਬਦਾਵਲੀ ਵਰਤੀ ਗਈ, ਉਥੇ ਮੁਲਾਜ਼ਮ ਦੀ ਪੱਗ ਲਾਹੀ ਗਈ ਹੈ। ਇਸ ਕਰਕੇ ਕੰਡਕਟਰ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਦੋਵੇਂ ਧਿਰਾਂ ਦਰਮਿਆਨ ਵਧੇ ਇਸ ਮਾਮਲੇ ਨੂੰ ਸੁਲਝਾਉਣ ਲਈ ਡੀਐੱਸਪੀ ਬਰਨਾਲਾ ਅਤੇ ਹੋਰ ਪੁਲੀਸ ਅਧਿਕਾਰੀ ਵੀ ਪਹੁੰਚੇ ਹੋਏ ਹਨ।



Source link