ਵਿਦਿਆਰਥਣਾਂ ਨਾਲ ਛੇੜਛਾੜ ਦੇ ਦੋਸ਼ ਹੇਠ ਅਧਿਆਪਕ ਨਾਮਜ਼ਦ

ਵਿਦਿਆਰਥਣਾਂ ਨਾਲ ਛੇੜਛਾੜ ਦੇ ਦੋਸ਼ ਹੇਠ ਅਧਿਆਪਕ ਨਾਮਜ਼ਦ


ਜਗਮੋਹਨ ਸਿੰਘ

ਰੂਪਨਗਰ, 6 ਅਗਸਤ

ਥਾਣਾ ਸਿਟੀ ਰੂਪਨਗਰ ਦੀ ਪੁਲੀਸ ਨੇ ਸ਼ਹਿਰ ਦੇ ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਈਵੇਟ ਸਕੂਲ ਦੇ ਅਧਿਆਪਕ ਵਿਰੁੱਧ ਸਕੂਲੀ ਵਿਦਿਆਰਥਣਾਂ ਨਾਲ ਛੇੜਛਾੜ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਬੀਤੇ ਦਿਨ ਸਬੰਧਤ ਸਕੂਲ ਦੀਆਂ ਵਿਦਿਆਰਥਣਾਂ ਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਸਕੂਲ ਅਧਿਆਪਕ, ਜੋ ਐੱਨ.ਸੀ.ਸੀ. ਅਧਿਆਪਕ ਵੀ ਹੈ, ਵਿਰੁੱਧ ਗੰਭੀਰ ਦੋਸ਼ ਲਗਾਏ ਸਨ ਤੇ ਖ਼ਬਰਾਂ ਮੀਡੀਆ ਵਿੱਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਅੱਜ ਥਾਣਾ ਸਿਟੀ ਰੂਪਨਗਰ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਲੇਡੀ ਪੁਲੀਸ ਸਣੇ ਸਬੰਧਤ ਸਕੂਲ ਦਾ ਦੌਰਾ ਕੀਤਾ। ਉਨ੍ਹਾਂ ਕੋਲ ਇੱਕ ਦਰਜਨ ਦੇ ਕਰੀਬ ਵਿਦਿਆਰਥਣਾਂ ਨੇ ਬਿਆਨ ਕਲਮਬੱਧ ਕਰਵਾਉਂਦਿਆਂ ਦੋਸ਼ ਲਗਾਇਆ ਕਿ ਅਧਿਆਪਕ ਸੁਨੀਲ ਕੁਮਾਰ ਅਕਸਰ ਉਨ੍ਹਾਂ ਨਾਲ ਛੇੜਛਾੜ ਕਰਦਾ ਸੀ ਤੇ ਮਾਮਲੇ ਬਾਰੇ ਪਤਾ ਉਸ ਸਮੇਂ ਲੱਗਿਆ ਜਦੋਂ ਇੱਕ ਲੜਕੀ ਨੇ ਹਰ ਰੋਜ਼ ਬਹਾਨਾ ਲਗਾ ਕੇ ਸਕੂਲ ਤੋਂ ਅੱਧੀ ਛੁੱਟੀ ਤੋਂ ਬਾਅਦ ਆਪਣੇ ਘਰ ਪਰਤਣਾ ਸ਼ੁਰੂ ਕਰ ਦਿੱਤਾ। ਜਦੋਂ ਇਸ ਵਿਦਿਆਰਥਣ ਨੂੰ ਉਸ ਦੀ ਸਹੇਲੀ ਨੇ ਸਮੱਸਿਆ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਅਧਿਆਪਕ ਸੁਨੀਲ ਕੁਮਾਰ ਉਸ ਦੇ ਬੈਂਚ ਅੱਗੇ ਆਪਣੀ ਕੁਰਸੀ ਡਾਹ ਕੇ ਆਪਣੇ ਪੈਰਾਂ ਨਾਲ ਉਸ ਦੇ ਪੈਰ ਦੱਬਦਾ ਰਹਿੰਦਾ ਹੈ ਤੇ ਜਦੋਂ ਉਹ ਪਿੱਛੇ ਬੈਠਣ ਦਾ ਯਤਨ ਕਰਦੀ ਹੈ ਤਾਂ ਉਸ ਨੂੰ ਜਬਰਦਸਤੀ ਅੱਗੇ ਬੈਠਣ ਲਈ ਮਜ਼ਬੂਰ ਕਰਦਾ ਹੈ। ਇਸ ਤੋਂ ਬਾਅਦ ਪਤਾ ਲੱਗਿਆ ਕਿ ਅਧਿਆਪਕ ਹੋਰਨਾਂ ਜਮਾਤਾਂ ਦੀਆਂ ਵਿਦਿਆਰਥਣਾਂ ਨਾਲ ਵੀ ਅਜਿਹੀਆਂ ਹਰਕਤਾਂ ਕਰਦਾ ਹੈ। ਇਸੇ ਦੌਰਾਨ ਥਾਣਾ ਸਿਟੀ ਰੂਪਨਗਰ ਦੇ ਐੱਸਐੱਚਓ ਗੁਰzwnj;ਪ੍ਰੀਤ ਸਿੰਘ ਨੇ ਦੱਸਿਆ ਕਿ ਅਧਿਆਪਕ ਸੁਨੀਲ ਕੁਮਾਰ ਸ਼ਰਮਾ ਵਾਸੀ ਘਨੌਲੀ ਵਿਰੁੱਧ ਕੇਸ ਦਰਜ ਕਰਨ ਉਪਰੰਤ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਪ੍ਰਿੰਸੀਪਲ ਨੇ ਮਾਪਿਆਂ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰਿਆ

ਸਕੂਲ ਪੁੱਜੇ ਵਿਦਿਆਰਥਣਾਂ ਦੇ ਮਾਪਿਆਂ ਨੇ ਵੀ ਦੋਸ਼ ਲਗਾਇਆ ਕਿ ਸਕੂਲ ਦੀ ਪ੍ਰਿੰਸੀਪਲ ਸੰਗੀਤਾ ਰਾਣੀ ਵੀ ਅਧਿਆਪਕ ਵਿਰੁੱਧ ਕਾਰਵਾਈ ਕਰਨ ਦੀ ਥਾਂ ਉਸ ਦਾ ਪੱਖ ਪੂਰ ਰਹੀ ਹੈ ਤੇ ਕਾਰਵਾਈ ਨਾ ਕਰਵਾਉਣ ਲਈ ਕਥਿਤ ਤੌਰ ‘ਤੇ ਦਬਾਅ ਬਣਾਇਆ ਜਾ ਰਿਹਾ ਹੈ। ਜਦੋਂ ਇਸ ਸਬੰਧੀ ਪ੍ਰਿੰਸੀਪਲ ਸੰਗੀਤਾ ਰਾਣੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਇਸ ਸਬੰਧੀ ਤੁਰੰਤ ਮੈਨੇਜਮੈਂਟ ਨੂੰ ਕਾਰਵਾਈ ਲਈ ਲਿਖ ਦਿੱਤਾ ਸੀ।



Source link