ਚੀਨ ਨੇ ਮਸ਼ਕਾਂ ਜਾਰੀ ਰੱਖ ਕੇ ਤਾਇਵਾਨ ’ਤੇ ਦਬਾਅ ਵਧਾਇਆ

ਚੀਨ ਨੇ ਮਸ਼ਕਾਂ ਜਾਰੀ ਰੱਖ ਕੇ ਤਾਇਵਾਨ ’ਤੇ ਦਬਾਅ ਵਧਾਇਆ


ਪੇਈਚਿੰਗ, 7 ਅਗਸਤ

ਚੀਨ ਨੇ ਐਤਵਾਰ ਨੂੰ ਲਗਾਤਾਰ ਚੌਥੇ ਦਿਨ ਤਾਇਵਾਨ ਨੇੜੇ ਹਵਾ ਅਤੇ ਸਮੁੰਦਰ ‘ਚ ਫ਼ੌਜੀ ਮਸ਼ਕਾਂ ਜਾਰੀ ਰੱਖੀਆਂ। ਅਮਰੀਕੀ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਤੋਂ ਭੜਕੇ ਚੀਨ ਨੂੰ ਸ਼ਾਂਤ ਰਹਿਣ ਦੀਆਂ ਕੀਤੀਆਂ ਗਈਆਂ ਅਪੀਲਾਂ ਦੇ ਬਾਵਜੂਦ ਉਸ ਦੇ ਤੇਵਰ ਨਰਮ ਨਹੀਂ ਪਏ ਹਨ। ਪੀਪਲਜ਼ ਲਿਬਰੇਸ਼ਨ ਆਰਮੀ ਨੇ ਕਿਹਾ ਕਿ ਮਸ਼ਕਾਂ ਦੌਰਾਨ ਹਵਾ ਅਤੇ ਜ਼ਮੀਨੀ ਪੱਧਰ ‘ਤੇ ਲੰਬੀ ਦੂਰੀ ਦੇ ਹਮਲਿਆਂ ‘ਤੇ ਜ਼ੋਰ ਦਿੱਤਾ ਗਿਆ। ਉਂਜ ਚੀਨੀ ਫ਼ੌਜ ਨੇ ਇਸ ਗੱਲ ਦਾ ਖ਼ੁਲਾਸਾ ਨਹੀਂ ਕੀਤਾ ਕਿ ਉਹ ਅੱਗੇ ਮਸ਼ਕਾਂ ਜਾਰੀ ਰੱਖੇਗੀ ਜਾਂ ਨਹੀਂ। ਉਧਰ ਤਾਇਵਾਨ ਨੇ ਕਿਹਾ ਕਿ ਉਨ੍ਹਾਂ ਜਲਡਮਰੂ ‘ਚ ਕਈ ਚੀਨੀ ਜੈੱਟ, ਸਮੁੰਦਰੀ ਜਹਾਜ਼ ਅਤੇ ਡਰੋਨ ਦੇਖੇ ਹਨ। ਤਾਇਵਾਨ ਦੀ ਸਰਕਾਰੀ ਖ਼ਬਰ ਏਜੰਸੀ ਨੇ ਕਿਹਾ ਕਿ ਉਨ੍ਹਾਂ ਦੀ ਫ਼ੌਜ ਵੱਲੋਂ ਚੀਨੀ ਮਸ਼ਕਾਂ ਦਾ ਜਵਾਬ ਦੇਣ ਲਈ ਦੱਖਣੀ ਪਿੰਗਟੁੰਗ ਕਾਊਂਟੀ ‘ਚ ਮੰਗਲਵਾਰ ਅਤੇ ਵੀਰਵਾਰ ਨੂੰ ਮਸ਼ਕ ਕੀਤੀ ਜਾਵੇਗੀ। ਫ਼ੌਜੀ ਮਸ਼ਕਾਂ ‘ਚ ਸਨਾਈਪਰ, ਬਖ਼ਤਰਬੰਦ ਵਾਹਨ ਅਤੇ ਹਮਲੇ ਕਰਨ ਵਾਲੇ ਹੈਲੀਕਾਪਟਰ ਵੀ ਹਿੱਸਾ ਲੈਣਗੇ। ਚੀਨ ਧਮਕੀ ਦਿੰਦਾ ਆ ਰਿਹਾ ਹੈ ਕਿ ਤਾਇਵਾਨ ਉਸ ਦਾ ਇਲਾਕਾ ਹੈ ਅਤੇ ਲੋੜ ਪੈਣ ‘ਤੇ ਉਹ ਜਬਰੀ ਉਸ ‘ਤੇ ਕਬਜ਼ਾ ਕਰ ਲਵੇਗਾ। ਤਾਇਵਾਨ ਦੇ ਕੌਮੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਦੀ ਫ਼ੌਜ ਹਾਲਾਤ ‘ਤੇ ਨਜ਼ਰ ਰੱਖ ਰਹੀ ਹੈ ਅਤੇ ਉਨ੍ਹਾਂ ਜੈੱਟ ਅਤੇ ਜੰਗੀ ਬੇੜੇ ਤਾਇਨਾਤ ਕੀਤੇ ਹਨ। ਤਾਇਵਾਨ ਦੀ ਰਾਸ਼ਟਰਪਤੀ ਸਾਈ ਇੰਗ ਵੇਨ ਨੇ ਕੌਮਾਂਤਰੀ ਭਾਈਚਾਰੇ ਨੂੰ ਕਿਹਾ ਹੈ ਕਿ ਉਹ ਜਮਹੂਰੀ ਤਾਇਵਾਨ ਨੂੰ ਹਮਾਇਤ ਦੇਣ ਅਤੇ ਖੇਤਰੀ ਸੁਰੱਖਿਆ ਦੇ ਵਿਗੜ ਰਹੇ ਹਾਲਾਤ ਨੂੰ ਰੋਕਣ ਲਈ ਕਦਮ ਉਠਾਉਣ। ਸਿੰਗਾਪੁਰ ਦੇ ਕੌਮੀ ਸੁਰੱਖਿਆ ਬਾਰੇ ਮੰਤਰੀ ਤਿਓ ਚੀ ਹੀਨ ਨੇ ਕਿਹਾ ਫੇਸਬੁੱਕ ‘ਤੇ ਸ਼ਨਿਚਰਵਾਰ ਨੂੰ ਕਿਹਾ ਕਿ ਤਾਇਵਾਨ ਨੂੰ ਲੈ ਕੇ ਅਮਰੀਕਾ ਅਤੇ ਚੀਨ ਵਿਚਕਾਰ ਤਣਾਅ ਕਾਰਨ ਜੰਗ ਹੋ ਸਕਦੀ ਹੈ। ਉਨ੍ਹਾਂ ਆਸ ਜਤਾਈ ਕਿ ਸਾਰੀਆਂ ਧਿਰਾਂ ਅਕਲਮੰਦੀ ਤੋਂ ਕੰਮ ਲੈਣਗੀਆਂ ਤਾਂ ਜੋ ਦੱਖਣ-ਪੂਰਬੀ ਏਸ਼ੀਆ ‘ਚ ਇਸ ਤਣਾਅ ਦਾ ਮਾੜਾ ਅਸਰ ਨਾ ਪਵੇ। -ਏਪੀ

ਅਮਰੀਕਾ, ਆਸਟਰੇਲੀਆ ਤੇ ਜਾਪਾਨ ਨੇ ਚੀਨ ਨੂੰ ਤਾਇਵਾਨ ਨੇੜੇ ਮਸ਼ਕਾਂ ਫ਼ੌਰੀ ਰੋਕਣ ਲਈ ਕਿਹਾ

ਵਾਸ਼ਿੰਗਟਨ: ਅਮਰੀਕਾ, ਆਸਟਰੇਲੀਆ ਅਤੇ ਜਾਪਾਨ ਨੇ ਚੀਨ ਨੂੰ ਕਿਹਾ ਹੈ ਕਿ ਉਹ ਤਾਇਵਾਨ ਨੇੜੇ ਫ਼ੌਜੀ ਮਸ਼ਕਾਂ ਫੌਰੀ ਰੋਕ ਦੇਵੇ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਆਸਟਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ ਅਤੇ ਜਾਪਾਨੀ ਵਿਦੇਸ਼ ਮੰਤਰੀ ਹਯਾਸ਼ੀ ਯੋਸ਼ੀਮਾਸਾ ਨੇ ਕੰਬੋਡੀਆ ਦੀ ਰਾਜਧਾਨੀ ਨੈਮ ਪੇਨ ‘ਚ ਆਸੀਆਨ ਵਿਦੇਸ਼ ਮੰਤਰੀਆਂ ਦੀ ਮੀਟਿੰਗ ਮਗਰੋਂ ਇਹ ਸਾਂਝਾ ਬਿਆਨ ਜਾਰੀ ਕੀਤਾ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਵਿਦੇਸ਼ ਮੰਤਰੀਆਂ ਨੇ ਤਾਇਵਾਨ ਜਲਡਮਰੂ ‘ਚ ਸ਼ਾਂਤੀ ਅਤੇ ਸਥਿਰਤਾ ਬਹਾਲ ਰੱਖਣ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ। ਖ਼ਿੱਤੇ ‘ਚ ਪੈਦਾ ਹੋਈਆਂ ਚੁਣੌਤੀਆਂ ਨਾਲ ਸਿੱਝਣ ‘ਚ ਕੂਟਨੀਤੀ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਚੀਨ ਦੀਆਂ ਹਰਕਤਾਂ ‘ਤੇ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਉਸ ਵੱਲੋਂ ਵੱਡੇ ਪੱਧਰ ‘ਤੇ ਕੀਤੀਆਂ ਜਾ ਰਹੀਆਂ ਫ਼ੌਜੀ ਮਸ਼ਕਾਂ ਕੌਮਾਂਤਰੀ ਸ਼ਾਂਤੀ ਅਤੇ ਸਥਿਰਤਾ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਸਾਂਝੇ ਬਿਆਨ ‘ਚ ਚੀਨ ਵੱਲੋਂ ਬੈਲਿਸਟਿਕ ਮਿਜ਼ਾਈਲਾਂ ਛੱਡੇ ਜਾਣ ‘ਤੇ ਚਿੰਤਾ ਜਤਾਈ ਗਈ ਜਿਨ੍ਹਾਂ ‘ਚੋਂ ਪੰਜ ਜਾਪਾਨ ਦੇ ਆਰਥਿਕ ਜ਼ੋਨਾਂ ‘ਚ ਡਿੱਗੀਆਂ ਹਨ। ਉਨ੍ਹਾਂ ਆਸੀਆਨ ਮੁਲਕਾਂ ਵੱਲੋਂ ਤਾਇਵਾਨ ਖ਼ਿੱਤੇ ‘ਚ ਤਣਾਅ ਘਟਾਉਣ ਲਈ ਦਿੱਤੇ ਗਏ ਬਿਆਨ ਦੀ ਸ਼ਲਾਘਾ ਵੀ ਕੀਤੀ ਹੈ। -ਪੀਟੀਆਈSource link