ਨਾਇਡੂ ਨੂੰ ਰਾਜ ਸਭਾ ਮੈਂਬਰਾਂ ਨੇ ਦਿੱਤੀ ਵਿਦਾਇਗੀ

ਨਾਇਡੂ ਨੂੰ ਰਾਜ ਸਭਾ ਮੈਂਬਰਾਂ ਨੇ ਦਿੱਤੀ ਵਿਦਾਇਗੀ


ਨਵੀਂ ਦਿੱਲੀ, 8 ਅਗਸਤ

ਪਾਰਟੀ ਪੱਧਰ ਤੋਂ ਉਪਰ ਉੱਠ ਕੇ ਅੱਜ ਰਾਜ ਸਭਾ ਮੈਂਬਰਾਂ ਨੇ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੂੰ ਨਿੱਘੀ ਵਿਦਾਇਗੀ ਦਿੱਤੀ। ਰਾਜ ਸਭਾ ਚੇਅਰਮੈਨ ਵਜੋਂ ਪਾਏ ਗਏ ਯੋਗਦਾਨ ਲਈ ਸ੍ਰੀ ਨਾਇਡੂ ਦੀ ਸ਼ਲਾਘਾ ਕਰਦਿਆਂ ਮੈਂਬਰਾਂ ਨੇ ਚੇਤੇ ਕੀਤਾ ਕਿ ਕਿਵੇਂ ਉਨ੍ਹਾਂ ਮੈਂਬਰਾਂ ਨੂੰ ਸਦਨ ‘ਚ ਆਪਣੀ ਬੋਲੀ ਬੋਲਣ ਲਈ ਪ੍ਰੇਰਿਆ। ਵਿਰੋਧੀ ਧਿਰ ਦੇ ਕੁਝ ਮੈਂਬਰਾਂ ਨੇ ਉਨ੍ਹਾਂ ਨੂੰ ਜੀਵਨੀ ਲਿਖਣ ਦੀ ਅਪੀਲ ਕੀਤੀ ਤਾਂ ਰਾਜ ਸਭਾ ‘ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਕਿਵੇਂ ਨਾਇਡੂ ਨੇ ‘ਦਬਾਅ ਪੈਣ’ ਦੇ ਬਾਵਜੂਦ ਵਧੀਆ ਕੰਮ ਕੀਤਾ। ਖੜਗੇ ਨੇ ਸ੍ਰੀ ਨਾਇਡੂ ਦੇ ਲੰਬੇ ਸਿਆਸੀ ਸਫ਼ਰ ਨੂੰ ਚੇਤੇ ਕਰਦਿਆਂ ਕਿਹਾ ਕਿ ਉਹ ਜਨਤਕ ਜੀਵਨ ‘ਚੋਂ ਕਦੇ ਵੀ ਸੇਵਾਮੁਕਤ ਨਹੀਂ ਹੋਣਗੇ ਅਤੇ ਨਾ ਹੀ ਥੱਕਣਗੇ। ‘ਨਾਇਡੂ ਨੇ ਮਹਿਲਾ ਰਾਖਵਾਂਕਰਨ ਬਿੱਲ ‘ਤੇ ਸਰਬਸੰਮਤੀ ਬਣਾਉਣ ਦੀ ਵਕਾਲਤ ਕੀਤੀ ਸੀ। ਆਸ ਹੈ ਕਿ ਸਰਕਾਰ ਉਨ੍ਹਾਂ ਵੱਲੋਂ ਅਧੂਰੇ ਛੱਡੇ ਗਏ ਕੰਮਾਂ ਨੂੰ ਮੁਕੰਮਲ ਕਰੇਗੀ। ਮੇਰੀਆਂ ਕੁਝ ਸ਼ਿਕਾਇਤਾਂ ਹੋ ਸਕਦੀਆਂ ਹਨ ਪਰ ਇਹ ਵੇਲਾ ਸ਼ਿਕਾਇਤਾਂ ਦਾ ਨਹੀਂ ਹੈ ਸਗੋਂ ਤੁਸੀਂ ਮੁਸ਼ਕਲ ਹਾਲਾਤ ਅਤੇ ਦਬਾਅ ਹੇਠ ਬਿਹਤਰੀਨ ਕੰਮ ਕੀਤਾ ਹੈ।’ ਉਨ੍ਹਾਂ ਚੇਅਰਮੈਨ ਵੱਲੋਂ ਮੈਂਬਰਾਂ ਨੂੰ ਆਪਣੀ ਮਾਂ ਬੋਲੀ ‘ਚ ਬੋਲਣ ਲਈ ਪ੍ਰੇਰਿਤ ਕਰਨ ਦੀ ਵੀ ਸ਼ਲਾਘਾ ਕੀਤੀ। ਡੀਐੱਮਕੇ ਦੇ ਤਿਰੁਚੀ ਸ਼ਿਵਾ ਨੇ ਕਿਹਾ ਕਿ ਨਾਇਡੂ ਸਦਨ ‘ਚ ‘ਸ਼ੇਰ’ ਸਨ ਜੋ ਹਰ ਕਿਸੇ ਨੂੰ ਅਨੁਸ਼ਾਸਨ ਦੇ ਘੇਰੇ ‘ਚ ਲਿਆ ਸਕਦੇ ਸਨ। ਸ਼ਿਵਾ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਜੀਵਨੀ ਲਿਖਣ। ਟੀਐੱਮਸੀ ਦੇ ਡੈਰੇਕ ਓ’ਬ੍ਰਾਇਨ ਨੇ ਨਾਇਡੂ ਦੇ ਬਚਪਨ ‘ਚ ਹੀ ਮਾਤਾ ਦੀ ਮੌਤ ਦਾ ਜ਼ਿਕਰ ਕੀਤਾ ਤਾਂ ਮਾਹੌਲ ਭਾਵੁਕ ਹੋ ਗਿਆ। ਉਨ੍ਹਾਂ ਸਦਨ ‘ਚ ਖੇਤੀ ਬਿੱਲ ਪਾਸ ਹੋਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਆਪਣੀ ਜੀਵਨੀ ‘ਚ ਇਸ ਸਵਾਲ ਦਾ ਜਵਾਬ ਜ਼ਰੂਰ ਦੇਣਗੇ ਕਿ ਉਹ ਇਸ ਦੇ ਹੱਕ ‘ਚ ਸਨ ਜਾਂ ਨਹੀਂ। ਜਦੋਂ ਖੇਤੀ ਬਿੱਲ ਪਾਸ ਹੋਇਆ ਸੀ ਤਾਂ ਉਸ ਦਿਨ ਚੇਅਰ ‘ਤੇ ਨਾਇਡੂ ਬਿਰਾਜਮਾਨ ਨਹੀਂ ਸਨ। ਐੱਸਪੀ ਦੇ ਰਾਮ ਗੋਪਾਲ ਯਾਦਵ ਨੇ ਕਿਹਾ ਕਿ ਉਹ ਦੇਸ਼ ਅਤੇ ਸੰਵਿਧਾਨ ਦੇ ਹਿੱਤ ‘ਚ ਹੁਣ ਖੁੱਲ੍ਹੇਆਮ ਬੋਲ ਸਕਣਗੇ। ‘ਆਪ’ ਦੇ ਸੰਜੈ ਸਿੰਘ ਨੇ ਕਿਹਾ ਕਿ ਜੇਕਰ ਉਨ੍ਹਾਂ ਤੋਂ ਕੋਈ ਗਲਤੀ ਹੋਈ ਹੈ ਤਾਂ ਉਸ ਦੀ ਉਹ ਮੁਆਫ਼ੀ ਮੰਗਦੇ ਹਨ। ਸੀਪੀਐੱਮ ਦੇ ਜੌਹਨ ਬ੍ਰਿਟਾਸ ਨੇ ਕਿਹਾ ਕਿ ਉਹ ਉਸ ਸਮੇਂ ਜਾ ਰਹੇ ਹਨ ਜਦੋਂ ਉਨ੍ਹਾਂ ਦੀ ਬਹੁਤ ਲੋੜ ਹੈ। -ਪੀਟੀਆਈ

ਪ੍ਰਧਾਨ ਮੰਤਰੀ ਵੱਲੋਂ ਨਾਇਡੂ ਦੀਆਂ ਮਜ਼ਾਹੀਆ ਟਿੱਪਣੀਆਂ ਦੀ ਸ਼ਲਾਘਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐੱਮ ਵੈਂਕਈਆ ਨਾਇਡੂ ਵੱਲੋਂ ਕੀਤੀਆਂ ਜਾਂਦੀਆਂ ਇਕ ਵਾਕ ਵਾਲੀਆਂ ਮਜ਼ਾਹੀਆ ਟਿੱਪਣੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ‘ਚ ਰਾਜ ਸਭਾ ਦੇ ਕੰਮਕਾਜ ‘ਚ 70 ਫ਼ੀਸਦੀ ਦਾ ਵਾਧਾ ਹੋਇਆ। ਉਨ੍ਹਾਂ ਕਿਹਾ ਕਿ ਰਾਜ ਸਭਾ ਦੇ ਚੇਅਰਮੈਨ ਵਜੋਂ ਨਾਇਡੂ ਨੇ ਹਮੇਸ਼ਾ ਸੰਵਾਦ ਨੂੰ ਉਤਸ਼ਾਹਿਤ ਕੀਤਾ ਅਤੇ ਕਈ ਅਜਿਹੇ ਮਾਪਦੰਡ ਸਥਾਪਤ ਕੀਤੇ ਜੋ ਵਿਰਾਸਤ ਵਜੋਂ ਉਨ੍ਹਾਂ ਦੇ ਜਾਨਸ਼ੀਨਾਂ ਦਾ ਮਾਰਗ ਦਰਸ਼ਨ ਕਰਦੇ ਰਹਿਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਇਡੂ ਨੇ ਸਦਨ ਦੀ ਕਾਰਵਾਈ ਦੌਰਾਨ ਹਰ ਭਾਰਤੀ ਭਾਸ਼ਾ ਨੂੰ ਖਾਸ ਤਰਜੀਹ ਦਿੱਤੀ ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ। -ਪੀਟੀਆਈ

ਸਰਕਾਰ ਵਿਰੋਧੀ ਧਿਰ ਦੀ ਆਵਾਜ਼ ਵੀ ਸੁਣੇ: ਨਾਇਡੂ

ਨਵੀਂ ਦਿੱਲੀ: ਆਪਣੇ ਵਿਦਾਇਗੀ ਭਾਸ਼ਨ ਦੌਰਾਨ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਕਿਹਾ ਕਿ ਉਨ੍ਹਾਂ ਰਾਸ਼ਟਰਪਤੀ ਬਣਨ ਦੀ ਕਦੇ ਵੀ ਖਾਹਿਸ਼ ਨਹੀਂ ਰੱਖੀ ਸੀ ਅਤੇ ਉਹ ‘ਵਿਰੋਧੀ’ ਨਹੀਂ ਬਣਨਗੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨਾਲ ਜੁੜੇ ਰਹਿਣਗੇ। ਨਾਇਡੂ ਨੇ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਸੰਸਦ ਚੱਲੇ, ਚਰਚਾ ਹੋਵੇ ਅਤੇ ਉਸ ‘ਚ ਕੋਈ ਅੜਿੱਕਾ ਨਾ ਪਵੇ। ਉਨ੍ਹਾਂ ਸਰਕਾਰ ਨੂੰ ਸਲਾਹ ਦਿੱਤੀ ਕਿ ਵਿਰੋਧੀ ਧਿਰ ਦੀ ਆਵਾਜ਼ ਵੀ ਸੰਸਦ ਵਿੱਚ ਸੁਣੀ ਜਾਣੀ ਚਾਹੀਦੀ ਹੈ। ਉਨ੍ਹਾਂ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸਦਨ ਦੀ ਮਰਿਆਦਾ ਬਹਾਲ ਰੱਖਣ ਦੀ ਕੋਸ਼ਿਸ਼ ਕਰਨ। ਸੰਸਦ ਮੈਂਬਰਾਂ ਨੂੰ ਉੱਚਾ ਮਿਆਰ ਰੱਖਣ ਦੀ ਸਲਾਹ ਦਿੰਦਿਆਂ ਉਨ੍ਹਾਂ ਕਿਹਾ ਕਿ ਸਿਆਸਤਦਾਨਾਂ ਦਾ ਹਰ ਥਾਂ ‘ਤੇ ਸਤਿਕਾਰ ਘਟਦਾ ਜਾ ਰਿਹਾ ਹੈ ਕਿਉਂਕਿ ਕਦਰਾਂ-ਕੀਮਤਾਂ ਦਾ ਮਿਆਰ ਲਗਾਤਾਰ ਡਿੱਗ ਰਿਹਾ ਹੈ। ਕਰੀਬ 10 ਮਿੰਟਾਂ ਦੇ ਭਾਸ਼ਨ ਦੌਰਾਨ ਉਨ੍ਹਾਂ ਕਿਹਾ ਕਿ ਉਪਰਲਾ ਸਦਨ ਹੋਣ ਕਾਰਨ ਰਾਜ ਸਭਾ ਦੀਆਂ ਵਧੇਰੇ ਜ਼ਿੰਮੇਵਾਰੀਆਂ ਹਨ। -ਪੀਟੀਆਈ



Source link