ਲੰਡਨ, 11 ਅਗਸਤ
ਬਰਤਾਨੀਆ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ਭਾਰਤ ਦੇ ਦੌਰੇ ਮੌਕੇ ਕੀਤੇ ਗਏ ਐਲਾਨਾਂ ਤਹਿਤ ਭਾਰਤ ਅਤੇ ਬਰਤਾਨੀਆ ਮੁਕਤ ਵਪਾਰ ਸਮਝੌਤੇ (ਐੱਫਟੀਏ) ਨੂੰ ਲਾਗੂ ਕਰਨ ਲਈ ਅਕਤੂਬਰ ਦੇ ਅਖ਼ੀਰ ਤੱਕ ਮਿਲ ਕੇ ਕੰਮ ਕਰਦੇ ਰਹਿਣਗੇ। ਕੌਮਾਂਤਰੀ ਵਪਾਰ ਵਿਭਾਗ ਵੱਲੋਂ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਪੰਜਵੇਂ ਗੇੜ ਵਿੱਚ 85 ਵੱਖ ਵੱਖ ਸੈਸ਼ਨਾਂ ਅਤੇ 15 ਨੀਤੀਆਂ ਸਬੰਧੀ ਲਿਖਤੀ ਵੇਰਵਾ ਤਿਆਰ ਹੈ। ਡੀਆਈਟੀ ਨੇ ਬਿਆਨ ਵਿੱਚ ਕਿਹਾ, ”ਭਾਰਤ ਅਤੇ ਬਰਤਾਨੀਆ ਦੇ ਅਧਿਕਾਰੀ ਅਕਤੂਬਰ, 2022 ਦੇ ਅਖੀਰ ਤੱਕ ਇੱਕ ਵਿਆਪਕ ਅਤੇ ਸੰਤੁਲਤ ਮੁਕਤ ਵਪਾਰ ਸਮਝੌਤੇ ਨੂੰ ਲਾਗੂ ਕਰਨ ਲਈ ਇੱਕ-ਦੂਜੇ ਨਾਲ ਮਿਲ ਕੇ ਕੰਮ ਕਰਦੇ ਰਹਿਣਗੇ।” ਬਿਆਨ ਵਿੱਚ ਦੱਸਿਆ ਗਿਆ ਕਿ ਇਸ ਸਮਝੌਤੇ ਤਹਿਤ ਤਕਨੀਕੀ ਟੀਮ ਦੇ ਕੁੱਝ ਅਧਿਕਾਰੀਆਂ ਨੇ ਨਵੀਂ ਦਿੱਲੀ ਵਿੱਚ ਹੋਈ ਮੀਟਿੰਗ ‘ਚ ਸ਼ਿਰਕਤ ਕੀਤੀ, ਜਦਕਿ ਬਹੁ-ਗਿਣਤੀ ਅਧਿਕਾਰੀਆਂ ਨੇ ਪ੍ਰੋਗਰਾਮ ਵਿੱਚ ਵਰਚੁਅਲੀ ਹਿੱਸਾ ਲਿਆ।
ਬਰਤਾਨੀਆ ਸਰਕਾਰ ਦਾ ਇਹ ਬਿਆਨ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਨਵੀਂ ਦਿੱਲੀ ‘ਚ ਹੋਏ ਵਪਾਰੀ ਉੱਦਮੀ ਸੰਮੇਲਨ ਵਿੱਚ ਦਿੱਤੇ ਬਿਆਨ ਮਗਰੋਂ ਆਇਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਭਾਰਤ-ਯੂਕੇ ਐੱਫਟੀਏ ਲਈ ਗੱਲਬਾਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਉਨ੍ਹਾਂ ਇਸ ਦੀ ਤੁਲਨਾ ਹਾਲ ਹੀ ਵਿੱਚ ਸੰਯੁਕਤ ਅਰਬ ਅਮੀਰਾਤ ਨਾਲ ਹੋਏ ਸਮਝੌਤੇ ਨਾਲ ਕੀਤੀ ਸੀ, ਜਿਸ ਨੂੰ ਮੰਤਰੀ ਨੇ ‘ਰਿਕਾਰਡ ਸਮੇਂ’ ਵਿੱਚ ਹੋਇਆ ਦੱਸਿਆ ਸੀ। -ਪੀਟੀਆਈ
ਭਾਰਤ-ਬਰਤਾਨੀਆ ਵਿਚਾਲੇ 2030 ਤੱਕ ਦੁੱਗਣਾ ਹੋਵੇਗਾ ਵਪਾਰ
ਨਵੀਂ ਦਿੱਲੀ: ਭਾਰਤ ਅਤੇ ਬਰਤਾਨੀਆ ਵਿਚਕਾਰ 2030 ਤੱਕ ਦੁਵੱਲਾ ਵਪਾਰ ਦੁੱਗਣਾ ਹੋਣ ਦੀ ਸੰਭਾਵਨਾ ਹੈ। ਇੱਥੇ ਅੱਜ ਜਾਰੀ ਹੋਈ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਰਤਾਨੀਆ ਨਾਲ ਭਾਰਤ ਦਾ ਵਸਤਾਂ ਅਤੇ ਸੇਵਾਵਾਂ ਦਾ ਵਪਾਰ 2022 ਵਿੱਚ ਵਧ ਕੇ 31.34 ਅਰਬ ਡਾਲਰ ਹੋ ਗਿਆ ਹੈ, ਜੋ 2015 ਵਿੱਚ 19.51 ਡਾਲਰ ਸੀ। ਰਿਪੋਰਟ ਅਨੁਸਾਰ, ”ਸਾਲ 2000-2022 ਤੱਕ ਲਗਪਗ 31.92 ਅਰਬ ਡਾਲਰ ਦੇ ਨਿਵੇਸ਼ ਨਾਲ ਬਰਤਾਨੀਆ ਭਾਰਤ ਵਿੱਚ ਛੇਵਾਂ ਸਭ ਤੋਂ ਵੱਡਾ ਨਿਵੇਸ਼ਕ ਬਣਿਆ ਰਿਹਾ। ਇਹ ਭਾਰਤ ਵਿੱਚ ਕੁੱਲ ਵਿਦੇਸ਼ੀ ਸਿੱਧੇ ਨਿਵੇਸ਼ (ਐੱਫਡੀਆਈ) ਦਾ ਕਰੀਬ 5.4 ਫ਼ੀਸਦੀ ਹੈ।” -ਪੀਟੀਆਈ