ਭਾਜਪਾ ਸੰਸਦੀ ਬੋਰਡ ’ਚੋਂ ਗਡਕਰੀ ਅਤੇ ਸ਼ਿਵਰਾਜ ਚੌਹਾਨ ਬਾਹਰ

ਭਾਜਪਾ ਸੰਸਦੀ ਬੋਰਡ ’ਚੋਂ ਗਡਕਰੀ ਅਤੇ ਸ਼ਿਵਰਾਜ ਚੌਹਾਨ ਬਾਹਰ


ਨਵੀਂ ਦਿੱਲੀ, 17 ਅਗਸਤ

ਭਾਜਪਾ ਨੇ ਅੱਜ ਵੱਡਾ ਫੇਰਬਦਲ ਕਰਦਿਆਂ ਪਾਰਟੀ ਦੇ ਸੰਸਦੀ ਬੋਰਡ ‘ਚੋਂ ਕੇਂਦਰੀ ਮੰਤਰੀ ਤੇ ਸਾਬਕਾ ਪਾਰਟੀ ਪ੍ਰਧਾਨ ਨਿਤਿਨ ਗਡਕਰੀ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਬਾਹਰ ਕਰ ਦਿੱਤਾ ਹੈ। ਇਹ ਪਾਰਟੀ ਦੀ ਸਭ ਤੋਂ ਸਿਖ਼ਰਲੀ ਜਥੇਬੰਦਕ ਇਕਾਈ ਹੈ। ਇਸ ਵਿਚ ਹੁਣ ਛੇ ਨਵੇਂ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਵਿਚ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ, ਪੰਜਾਬ ਦੇ ਆਗੂ ਇਕਬਾਲ ਸਿੰਘ ਲਾਲਪੁਰਾ ਤੇ ਅਸਾਮ ਦੇ ਸਾਬਕਾ ਮੁੱਖ ਮੰਤਰੀ ਸਰਬਨੰਦਾ ਸੋਨੋਵਾਲ ਸ਼ਾਮਲ ਹਨ। ਪਾਰਟੀ ਨੇ ਚੋਣਾਂ ਸਬੰਧੀ ਆਪਣੀ ਕੇਂਦਰੀ ਕਮੇਟੀ (ਸੀਈਸੀ) ਵਿਚ ਵੀ ਫੇਰਬਦਲ ਕੀਤਾ ਹੈ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਕੇਂਦਰੀ ਮੰਤਰੀ ਭੁਪੇਂਦਰ ਯਾਦਵ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਹੈ। ਸੰਸਦੀ ਬੋਰਡ ਤੋਂ ਬਾਹਰ ਹੋਣ ਤੋਂ ਬਾਅਦ ਗਡਕਰੀ ਤੇ ਚੌਹਾਨ ਹੁਣ ਸੀਈਸੀ ਦੇ ਮੈਂਬਰ ਵੀ ਨਹੀਂ ਰਹਿਣਗੇ। ਦੱਸਣਯੋਗ ਹੈ ਕਿ ਸੰਸਦੀ ਬੋਰਡ ਦੇ ਸਾਰੇ ਮੈਂਬਰ ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਸ਼ਾਮਲ ਹਨ, ਸੀਈਸੀ ਦੇ ਮੈਂਬਰ ਵੀ ਹਨ। ਬੋਰਡ ਵਿਚ ਕੁਝ ਹੋਰ ਮੈਂਬਰ ਵੀ ਹਨ। ਗਡਕਰੀ ਤੇ ਚੌਹਾਨ ਨੂੰ ਹਟਾਇਆ ਜਾਣਾ, ਪਾਰਟੀ ਵਿਚ ਉਨ੍ਹਾਂ ਦੀ ਘਟ ਰਹੀ ਹਿੱਸੇਦਾਰੀ ਦਾ ਸੰਕੇਤ ਹੈ ਜੋ ਕਿ ਆਪਣੀਆਂ ਅਹਿਮ ਜਥੇਬੰਦਕ ਇਕਾਈਆਂ ਨੂੰ ਸਮਾਜਿਕ ਤੇ ਖੇਤਰੀ ਤੌਰ ‘ਤੇ ਵੱਧ ਨੁਮਾਇੰਦਗੀ ਦੇਣ ਦਾ ਯਤਨ ਕਰ ਰਹੀ ਹੈ। ਇਸ ਲਈ ਵੱਖ-ਵੱਖ ਭਾਈਚਾਰਿਆਂ ਦੇ ਮੈਂਬਰਾਂ, ਜਿਨ੍ਹਾਂ ਵਿਚ ਪਹਿਲਾ ਸਿੱਖ ਚਿਹਰਾ ਲਾਲਪੁਰਾ ਸ਼ਾਮਲ ਹਨ, ਨੂੰ ਥਾਂ ਦਿੱਤੀ ਜਾ ਰਹੀ ਹੈ। ਲਾਲਪੁਰਾ ਵਰਤਮਾਨ ‘ਚ ਘੱਟਗਿਣਤੀਆਂ ਬਾਰੇ ਕਮਿਸ਼ਨ ਦੇ ਚੇਅਰਮੈਨ ਵੀ ਹਨ। ਸਾਬਕਾ ਕੇਂਦਰੀ ਮੰਤਰੀ ਜੁਆਲ ਓਰਾਮ ਤੇ ਸ਼ਾਹਨਵਾਜ਼ ਹੁਸੈਨ ਵੀ ਸੀਈਸੀ ‘ਚੋਂ ਬਾਹਰ ਹੋ ਗਏ ਹਨ। ਇਸ ਫੇਰਬਦਲ ਤੋਂ ਬਾਅਦ ਹੁਣ ਬੋਰਡ ਦੇ ਮੈਂਬਰਾਂ ਦੀ ਗਿਣਤੀ ਪੂਰੀ ਸਮਰੱਥਾ ਮੁਤਾਬਕ 11 ਹੋ ਗਈ ਹੈ। ਜਦਕਿ ਸੀਈਸੀ ਵਿਚ 15 ਆਗੂ ਹਨ। ਬੋਰਡ ਦੇ ਹੋਰਨਾਂ ਨਵੇਂ ਮੈਂਬਰਾਂ ਵਿਚ ਕੇ. ਲਕਸ਼ਮਣ, ਸੁਧਾ ਯਾਦਵ ਤੇ ਸਤਿਆਨਾਰਾਇਣ ਜਟੀਆ ਸ਼ਾਮਲ ਹਨ ਜਦਕਿ ਸੀਈਸੀ ਦੇ ਨਵੇਂ ਮੈਂਬਰਾਂ ਵਿਚ ਰਾਜਸਥਾਨ ਦੇ ਆਗੂ ਓਮ ਮਾਥੁਰ ਤੇ ਭਾਜਪਾ ਦੀ ਮਹਿਲਾ ਵਿੰਗ ਦੀ ਮੁਖੀ ਵਨਤੀ ਸ੍ਰੀਨਿਵਾਸਨ ਸ਼ਾਮਲ ਹਨ। ਪਾਰਟੀ ਪ੍ਰਧਾਨ ਨੱਢਾ ਦੀ ਅਗਵਾਈ ਹੇਠ ਬੋਰਡ ਵਿਚ ਪਹਿਲੀ ਵਾਰ ਫੇਰਬਦਲ ਹੋਇਆ ਹੈ। ਅਰੁਣ ਜੇਤਲੀ ਤੇ ਸੁਸ਼ਮਾ ਸਵਰਾਜ ਦੀ ਮੌਤ ਮਗਰੋਂ ਇਸ ਵਿਚ ਥਾਵਾਂ ਖਾਲੀ ਹੋ ਗਈਆਂ ਸਨ ਜਦਕਿ ਵੈਂਕਈਆ ਨਾਇਡੂ ਤੇ ਥਾਵਰਚੰਦ ਗਹਿਲੋਤ ਨੂੰ ਉਪ ਰਾਸ਼ਟਰਪਤੀ ਤੇ ਰਾਜਪਾਲ ਬਣਨ ਕਾਰਨ ਬੋਰਡ ਛੱਡਣਾ ਪਿਆ ਸੀ। ਜਦ ਅਮਿਤ ਸ਼ਾਹ 2014 ਵਿਚ ਪਾਰਟੀ ਪ੍ਰਧਾਨ ਸਨ, ਉਸ ਵੇਲੇ ਸੀਨੀਅਰ ਆਗੂਆਂ ਐਲ.ਕੇ. ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਨੂੰ ਬੋਰਡ ‘ਚੋਂ ਹਟਾ ਕੇ ‘ਮਾਰਗਦਰਸ਼ਕ ਮੰਡਲ’ ਦਾ ਮੈਂਬਰ ਬਣਾ ਦਿੱਤਾ ਗਿਆ ਸੀ। -ਪੀਟੀਆਈ

ਪੰਜਾਬ ਤੋਂ ਇਕਬਾਲ ਲਾਲਪੁਰਾ ਸੰਸਦੀ ਬੋਰਡ ‘ਚ ਸ਼ਾਮਲ

ਭਾਜਪਾ ਨੇ ਪਾਰਟੀ ਦੇ ਸੰਸਦੀ ਬੋਰਡ ਵਿਚ ਪੰਜਾਬ ਤੋਂ ਇਕਬਾਲ ਸਿੰਘ ਲਾਲਪੁਰਾ ਨੂੰ ਸ਼ਾਮਲ ਕੀਤਾ ਹੈ। ਪਾਰਟੀ ਪੂਰੇ ਦੇਸ਼ ਵਿਚੋਂ ਵੱਖ-ਵੱਖ ਵਰਗਾਂ ਨੂੰ ਨੁਮਾਇੰਦਗੀ ਦੇਣ ਦਾ ਯਤਨ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਲਾਲਪੁਰਾ ਭਾਜਪਾ ਦੇ ਪਾਰਟੀ ਸੰਸਦੀ ਬੋਰਡ ਵਿਚ ਸ਼ਾਮਲ ਹੋਣ ਵਾਲਾ ਪਹਿਲਾ ਸਿੱਖ ਚਿਹਰਾ ਹਨ। ਇਕਬਾਲ ਸਿੰਘ ਲਾਲਪੁਰਾ ਘੱਟਗਿਣਤੀਆਂ ਬਾਰੇ ਕੌਮੀ ਕਮਿਸ਼ਨ ਦੇ ਚੇਅਰਮੈਨ ਵੀ ਹਨ।

ਭਾਜਪਾ ਵੱਲੋਂ ਵੱਖ-ਵੱਖ ਵਰਗਾਂ ਨੂੰ ਨੁਮਾਇੰਦਗੀ ਦੇਣ ਦਾ ਯਤਨ

ਪਾਰਟੀ ਦੇ ਸੰਸਦੀ ਬੋਰਡ ਦੇ ਨਵੇਂ ਮੈਂਬਰਾਂ ਵਿਚ ਸ਼ਾਮਲ ਸੁਧਾ ਯਾਦਵ ਤੇ ਕੇ. ਲਕਸ਼ਮਣ ਹੋਰਨਾਂ ਪੱਛੜੀਆਂ ਸ਼੍ਰੇਣੀਆਂ ਵਿਚੋਂ ਹਨ ਜਦਕਿ ਸਾਬਕਾ ਕੇਂਦਰੀ ਮੰਤਰੀ ਜਟੀਆ ਅਨੁਸੂਚਿਤ ਜਾਤੀਆਂ ‘ਚੋਂ ਹਨ। ਇਨ੍ਹਾਂ ਤੋਂ ਇਲਾਵਾ ਸਰਬਨੰਦ ਸੋਨੋਵਾਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜੋ ਕਿ ਆਦਿਵਾਸੀ ਵਰਗਾਂ ਵਿਚੋਂ ਹਨ। ਯੇਦੀਯੁਰੱਪਾ ਨੂੰ ਪਾਰਟੀ ਲਈ ਫ਼ੈਸਲੇ ਲੈਣ ਵਾਲੀ ਅਹਿਮ ਇਕਾਈ ਵਿਚ ਸ਼ਾਮਲ ਕਰ ਕੇ ਭਾਜਪਾ ਲਿੰਗਾਇਤ ਭਾਈਚਾਰੇ ਦੇ ਆਗੂ ਦਾ ਸਨਮਾਨ ਕਰਨਾ ਚਾਹੁੰਦੀ ਹੈ ਜਿਨ੍ਹਾਂ ਦਾ ਭਾਈਚਾਰਾ ਕਰਨਾਟਕ ‘ਚ ਚੋਣਾਂ ਦੇ ਲਿਹਾਜ਼ ਤੋਂ ਕਾਫ਼ੀ ਅਹਿਮੀਅਤ ਰੱਖਦਾ ਹੈ। ਸੂਬੇ ਵਿਚ ਅਗਲੇ ਸਾਲ ਚੋਣਾਂ ਹਨ। ਪਾਰਟੀ ਸੂਤਰਾਂ ਮੁਤਾਬਕ ਅੱਜ ਚੁੱਕੇ ਗਏ ਕਦਮ ਦਿਖਾਉਂਦੇ ਹਨ ਕਿ ਪਾਰਟੀ ਪੁਰਾਣੇ ਵਰਕਰਾਂ ਨੂੰ ਬਣਦਾ ਮਾਣ ਦਿੰਦੀ ਹੈ। -ਪੀਟੀਆਈ



Source link