ਆਮ ਆਦਮੀ ਕਲੀਨਿਕ: ਤੀਜੇ ਦਿਨ ਡਾਕਟਰ ਵੱਲੋਂ ਨੌਕਰੀ ਤੋਂ ਅਸਤੀਫਾ

ਆਮ ਆਦਮੀ ਕਲੀਨਿਕ: ਤੀਜੇ ਦਿਨ ਡਾਕਟਰ ਵੱਲੋਂ ਨੌਕਰੀ ਤੋਂ ਅਸਤੀਫਾ


ਜਗਮੋਹਨ ਸਿੰਘ

ਰੂਪਨਗਰ, 18 ਅਗਸਤ

ਪੰਜਾਬ ਸਰਕਾਰ ਵੱਲੋਂ 75ਵੇਂ ਆਜ਼ਾਦੀ ਦਿਵਸ ਮੌਕੇ ਰੂਪਨਗਰ ਜ਼ਿਲ੍ਹੇ ਵਿੱਚ ਖੋਲ੍ਹੇ ਗਏ ਆਮ ਆਦਮੀ ਕਲੀਨਿਕ ਦੋ ਦਿਨਾਂ ਅੰਦਰ ਹੀ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਆਉਣ ਲੱਗ ਪਏ ਹਨ। ਸ਼ਹਿਰ ਦੀ ਪੀ.ਡਬਲਿਊ.ਡੀ. ਕਲੋਨੀ ਵਿੱਚ ਖੋਲ੍ਹੇ ਆਮ ਆਦਮੀ ਪਾਰਟੀ ਕਲੀਨਿਕ ਦਾ ਡਾਕਟਰ ਦੋ ਦਿਨ ਡਿਊਟੀ ਕਰਨ ਤੋਂ ਬਾਅਦ ਤੀਜੇ ਦਿਨ ਆਪਣੀ ਨੌਕਰੀ ਤੋਂ ਅਸਤੀਫਾ ਦੇ ਗਿਆ, ਜਦੋਂ ਕਿ ਕੋਟਲਾ ਨਿਹੰਗ ਖਾਨ ਦੇ ਆਮ ਆਦਮੀ ਕਲੀਨਿਕ ਦੀ ਰੈਨੋਵੇਸ਼ਨ ਦਾ ਕੰਮ ਪੂਰਾ ਨਾ ਹੋ ਸਕਣ ਕਾਰਨ ਉਕਤ ਕਲੀਨਿਕ ਦਾ ਆਜ਼ਾਦੀ ਦਿਹਾੜੇ ਮੌਕੇ ਉਦਘਾਟਨ ਨਹੀਂ ਹੋ ਸਕਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਪੀਡਬਲਿਊਡੀ ਕਲੋਨੀ ਵਿੱਚ ਤਾਇਨਾਤ ਡਾ. ਨਵਸਿਮਰਨ ਸਿੰਘ ਨੇ ਐਮਡੀ ਕੋਰਸ ਲਈ ਦਾਖਲਾ ਮਿਲਣ ਕਾਰਨ ਬੀਤੇ ਦਿਨ ਹੀ ਆਪਣਾ ਅਸਤੀਫਾ ਸਿਵਲ ਹਸਪਤਾਲ ਰੂਪਨਗਰ ਦੇ ਐਸਐਮਓ ਨੂੰ ਸੌਂਪ ਦਿੱਤਾ ਸੀ, ਪਰ ਉਨ੍ਹਾਂ ਦੇ ਅਸਤੀਫੇ ਸਬੰਧੀ ਲੋਕਾਂ ਨੂੰ ਜਾਣਕਾਰੀ ਅੱਜ ਉਸ ਸਮੇਂ ਮਿਲੀ, ਜਦੋਂ ਮਰੀਜ਼ ਆਪਣੀਆਂ ਬਿਮਾਰੀਆਂ ਦੀ ਜਾਂਚ ਕਰਵਾਉਣ ਲਈ ਕਲੀਨਿਕ ਪੁੱਜੇ। ਉੱਧਰ ਐਸ.ਐਮ.ਓ. ਤਰਸੇਮ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਡਾਕਟਰ ਨਵਸਿਮਰਨ ਸਿੰਘ ਨੇ ਨਿਯਮਾਂ ਮੁਤਾਬਿਕ ਸਿਹਤ ਵਿਭਾਗ ਨੂੰ ਬਿਨਾਂ ਕੋਈ ਨੋਟਿਸ ਦਿੱਤਿਆਂ ਅਚਾਨਕ ਅਸਤੀਫਾ ਦਿੱਤਾ ਹੈ, ਜਿਸ ਕਰਕੇ ਉਕਤ ਡਾਕਟਰ ਵਿਰੁੱਧ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿੰਨਾ ਚਿਰ ਕਿਸੇ ਹੋਰ ਪੱਕੇ ਡਾਕਟਰ ਦੀ ਨਿਯੁਕਤੀ ਨਹੀਂ ਹੋ ਜਾਂਦੀ, ਓਨਾ ਚਿਰ ਡਾ. ਹਰਲੀਨ ਕੌਰ ਦੀ ਡਿਊਟੀ ਆਮ ਆਦਮੀ ਕਲੀਨਿਕ ਪੀ.ਡਬਲਿਊ.ਡੀ. ਕਾਲੋਨੀ ਵਿੱਚ ਲਗਾ ਦਿੱਤੀ ਗਈ ਹੈ। ਉੱਧਰ ਰੂਪਨਗਰ ਸ਼ਹਿਰ ਦੇ ਬਿਲਕੁਲ ਨੇੜਲੇ ਪਿੰਡ ਵਿੱਚ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਨਾਲ ਸਬੰਧਤ ਪਿੰਡ ਕੋਟਲਾ ਨਿਹੰਗ ਵਿਖੇ ਖੋਲ੍ਹੇ ਜਾਣ ਵਾਲੇ ਆਮ ਆਦਮੀ ਕਲੀਨਿਕ ਦੀ ਰੈਨੋਵੇਸ਼ਨ ਦਾ ਕੰਮ ਪੂਰਾ ਨਾ ਹੋ ਸਕਣ ਕਾਰਨ ਉਕਤ ਕਲੀਨਿਕ ਆਜ਼ਾਦੀ ਦਿਵਸ ਮੌਕੇ ਉਦਘਾਟਨ ਤੋਂ ਵਾਂਝਾ ਰਹਿ ਗਿਆ, ਜਿਸ ਸਬੰਧੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਕਾਰਜਕਾਰੀ ਇੰਜਨੀਅਰ ਲੋਕ ਨਿਰਮਾਣ ਵਿਭਾਗ ਅਤੇ ਸਿਵਲ ਸਰਜਨ ਰੂਪਨਗਰ ਦੀ ਜਵਾਬ ਤਲਬੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਆਜ਼ਾਦੀ ਦਿਵਸ ਵਾਲੇ ਦਿਨ ਤੱਕ ਉਕਤ ਕਲੀਨਿਕ ਦੀ ਉਸਾਰੀ ਦਾ ਕੰਮ ਵੀ ਪੂਰਾ ਨਹੀਂ ਹੋ ਸਕਿਆ ਸੀ ਤੇ ਕਲੀਨਿਕ ਦੇ ਆਲੇ ਦੁਆਲੇ ਉੱਗੀਆਂ ਝਾੜੀਆਂ ਦੀ ਸਾਫ ਸਫਾਈ ਵੀ ਨਹੀਂ ਕਰਵਾਈ ਗਈ ਸੀ, ਜਿਸ ਕਰਕੇ ਉਕਤ ਕਲੀਨਿਕ ਦੇ ਉਦਘਾਟਨ ਦਾ ਕੰਮ ਐਨ ਮੌਕੇ ਸਿਰ ਮੁਲਤਵੀ ਕਰਨਾ ਪੈ ਗਿਆ ਸੀ।Source link