ਖੇਤਰੀ ਪ੍ਰਤੀਨਿਧ
ਪਟਿਆਲਾ, 22 ਅਗਸਤ
ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਅੱਜ ਪੁਲੀਸ ਨੇ ਬਰਨਾਲਾ ਜੇਲ੍ਹ ‘ਚੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਇੱਥੇ ਅਦਾਲਤ ‘ਚ ਪੇਸ਼ ਕੀਤਾ। ਜ਼ਿਕਰਯੋਗ ਹੈ ਕਿ ਪਟਿਆਲਾ ਦੇ ਵਿਧਾਇਕ ਵਜੋਂ ਪਿਛਲੀ ਕਾਂਗਰਸ ਸਰਕਾਰ ਦੌਰਾਨ ਸਿਹਤ ਮੰਤਰੀ ਰਹੇ ਬ੍ਰਹਮ ਮਹਿੰਦਰਾ ਨੇ ਕੁਝ ਸਾਲ ਪਹਿਲਾਂ ਪਟਿਆਲਾ ਦੀ ਇੱਕ ਅਦਾਲਤ ‘ਚ ਮਾਣਹਾਨੀ ਦਾ ਇਹ ਕੇਸ ਦਾਇਰ ਕੀਤਾ ਸੀ। ਅਦਾਲਤ ਵੱਲੋਂ ਇਸ ਕੇਸ ਦੀ ਅਗਲੀ ਸੁਣਵਾਈ 5 ਸਤੰਬਰ ਨਿਰਧਾਰਤ ਕੀਤੀ ਗਈ ਹੈ। ਗੌਰਤਲਬ ਹੈ ਕਿ ਬ੍ਰਹਮ ਮਹਿੰਦਰਾ ਜਦੋਂ ਸਿਹਤ ਮੰਤਰੀ ਸਨ ਤਾਂ ਉਸ ਵੇਲੇ ਵਿਧਾਇਕ ਹੁੰਦਿਆਂ ਸਿਮਰਨਜੀਤ ਬੈਂਸ ਵੱਲੋਂ ਮੀਡੀਆ ਤੇ ਸੋਸ਼ਲ ਮੀਡੀਆ ਰਾਹੀਂ ਸ੍ਰੀ ਮਹਿੰਦਰਾ ‘ਤੇ ਇਹ ਦੋਸ਼ ਲਾਏ ਗਏ ਸਨ ਕਿ ਉਹ ਆਪਣੇ ਚਹੇਤੇ ਅਫਸਰਾਂ ਰਾਹੀਂ ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ ‘ਤੇ ਇੱਕ ਵਿਸ਼ੇਸ਼ ਫੈਕਟਰੀ ਤੋਂ ਹੀ ਦਵਾਈ ਖਰੀਦਣ ਲਈ ਦਬਾਅ ਪਾ ਰਹੇ ਹਨ। ਇਸ ਮਗਰੋਂ ਬ੍ਰਹਮ ਮਹਿੰਦਰਾ ਨੇ ਆਪਣੇ ਵਕੀਲ ਗੁਰਪ੍ਰੀਤ ਸਿੰਘ ਭਸੀਨ ਰਾਹੀਂ ਇਹ ਕੇਸ ਦਾਇਰ ਕੀਤਾ ਸੀ। ਇਸ ਕੇਸ ਤਹਿਤ ਸ੍ਰੀ ਮਹਿੰਦਰਾ ਸਣੇ ਦੋ ਦਰਜਨ ਦੇ ਕਰੀਬ ਗਵਾਹਾਂ ਦੇ ਬਿਆਨ ਵੀ ਕਲਮਬੰਦ ਹੋ ਚੁੱਕੇ ਹਨ। ਇਸ ਦੌਰਾਨ ਅਦਾਲਤੀ ਪੇਸ਼ੀ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਸਾਬਕਾ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਕੋਲ ਮੈਡੀਕਲ ਮਾਫੀਆ ਖ਼ਿਲਾਫ਼ ਲੋੜੀਂਦੇ ਸਬੂਤ ਮੌਜੂਦ ਹਨ ਤੇ ਉਹ ਛੇਤੀ ਹੀ ਇਸ ਮਾਮਲੇ ਦਾ ਵੀ ਭਾਂਡਾ ਭੰਨਣਗੇ।