ਲਾਲਜੀਤ ਭੁੱਲਰ ਨੇ 29 ਵੈਟਰਨਰੀ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਲਾਲਜੀਤ ਭੁੱਲਰ ਨੇ 29 ਵੈਟਰਨਰੀ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ


ਦਰਸ਼ਨ ਸਿੰਘ ਸੋਢੀ

ਮੁਹਾਲੀ, 25 ਅਗਸਤ

ਪੰਜਾਬ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਤਹਿਤ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ 29 ਵੈਟਰਨਰੀ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਮੁਹਾਲੀ ਦੇ ਸੈਕਟਰ-68 ਸਥਿਤ ਲਾਈਵਸਟਾਕ ਕੰਪਲੈਕਸ ਵਿਖੇ ਸਾਦੇ ਸਮਾਗਮ ਦੌਰਾਨ ਮੰਤਰੀ ਨੇ ਦੱਸਿਆ ਕਿ ਵਿਭਾਗ ਵਿੱਚ ਭਰਤੀ ਕੀਤੇ ਜਾ ਰਹੇ 148 ਵੈਟਰਨਰੀ ਇੰਸਪੈਕਟਰਾਂ ਵਿੱਚੋਂ ਜਿਨ੍ਹਾਂ ਉਮੀਦਵਾਰਾਂ ਦੀ ਵੈਰੀਫ਼ਿਕੇਸ਼ਨ ਮੁਕੰਮਲ ਹੋ ਚੁੱਕੀ ਹੈ, ਉਨ੍ਹਾਂ ਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਗਏ ਹਨ ਅਤੇ ਵੈਰੀਫ਼ਿਕੇਸ਼ਨ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਰਹਿੰਦੇ 119 ਹੋਰ ਉਮੀਦਵਾਰਾਂ ਨੂੰ ਅਗਲੇ ਦਿਨਾਂ ਦੌਰਾਨ ਨਿਯੁਕਤੀ ਪੱਤਰ ਦਿੱਤੇ ਜਾਣਗੇ।

ਉਨ੍ਹਾਂ ਦੱਸਿਆ ਕਿ 418 ਵੈਟਰਨਰੀ ਅਫ਼ਸਰਾਂ ਦੀ ਭਰਤੀ ਸਬੰਧੀ ਪ੍ਰਕਿਰਿਆ ਜਾਰੀ ਹੈ। ਪਿਛਲੇ ਦਿਨੀਂ ਇਨ੍ਹਾਂ ਉਮੀਦਵਾਰਾਂ ਦੀ ਪ੍ਰੀਖਿਆ ਲਈ ਗਈ ਹੈ ਅਤੇ ਛੇਤੀ ਹੀ ਇਹ ਭਰਤੀ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ। ਮੰਤਰੀ ਨੇ ਦੱਸਿਆ ਕਿ ਵਿਭਾਗ ਵਿੱਚ ਹੋਰ ਵੈਟਰਨਰੀ ਇੰਸਪੈਕਟਰਾਂ ਅਤੇ ਸਟਾਫ਼ ਦੀ ਭਰਤੀ ਲਈ ਛੇਤੀ ਇਸ਼ਤਿਹਾਰ ਜਾਰੀ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਯੋਗਤਾ ਅਨੁਸਾਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਜਾਰੀ ਰੱਖਣ। ਇਸ ਤੋਂ ਪਹਿਲਾਂ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਨਵ-ਨਿਯੁਕਤ ਵੈਟਰਨਰੀ ਇੰਸਪੈਕਟਰਾਂ ਨੂੰ ਵਧਾਈ ਦਿੱਤੀ। ਸਮਾਗਮ ਦੌਰਾਨ ਡਾਇਰੈਕਟਰ ਪਸ਼ੂ ਪਾਲਣ ਡਾ. ਸੁਭਾਸ਼ ਚੰਦਰ ਗੋਇਲ, ਡਾਇਰੈਕਟਰ ਡੇਅਰੀ ਡਾ. ਕੁਲਦੀਪ ਸਿੰਘ, ਡਾਇਰੈਕਟਰ ਮੱਛੀ ਪਾਲਣ ਜਸਵੀਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।



Source link