ਬਿਊਨਸ ਆਇਰਸ, 27 ਅਗਸਤ
ਭਾਰਤ ਅਤੇ ਅਰਜਨਟੀਨਾ ਨੇ ਦੁਵੱਲੇ ਸਹਿਯੋਗ ਨੂੰ ਹੋਰ ਗੂੜ੍ਹਾ ਕਰਨ ਅਤੇ ਜਲਵਾਯੂ ਪਰਿਵਰਤਨ ਤੇ ਅਤਿਵਾਦ ਜਿਹੀਆਂ ਆਲਮੀ ਚੁਣੌਤੀਆਂ ਨਾਲ ਸਿੱਝਣ ਲਈ ਰਣਨੀਤਕ ਭਾਈਵਾਲੀ ਨੂੰ ਵਿਸਥਾਰ ਦੇਣ ਪ੍ਰਤੀ ਵਚਨਬੱਧਤਾ ਪ੍ਰਗਟਾਈ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਅਰਜਨਟੀਨਾ ਦੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਸੈਂਟਿਆਗੋ ਕੈਫਾਇਰੋ ਵਿਚਕਾਰ ਸਾਂਝੇ ਕਮਿਸ਼ਨ ਦੀ ਮੀਟਿੰਗ ਮਗਰੋਂ ਜਾਰੀ ਸਾਂਝੇ ਬਿਆਨ ‘ਚ ਦੋਵੇਂ ਮੁਲਕਾਂ ਨੇ ਰੱਖਿਆ, ਪਰਮਾਣੂ ਊਰਜਾ ਅਤੇ ਪੁਲਾੜ ਜਿਹੇ ਰਣਨੀਤਕ ਤੌਰ ‘ਤੇ ਅਹਿਮ ਸੈਕਟਰਾਂ ‘ਚ ਚੱਲ ਰਹੇ ਸਹਿਯੋਗ ਦੀ ਨਜ਼ਰਸਾਨੀ ਕੀਤੀ। ਦੋਵੇਂ ਆਗੂਆਂ ਨੇ ਬਹੁਪੱਖੀ ਮੰਚਾਂ ‘ਤੇ ਭਾਰਤ ਅਤੇ ਅਰਜਨਟੀਨਾ ਵਿਚਕਾਰ ਨੇੜਲੇ ਸਹਿਯੋਗ ‘ਤੇ ਵੀ ਸੰਤੁਸ਼ਟੀ ਜਤਾਈ। ਜੈਸ਼ੰਕਰ ਦੇ ਅਰਜਨਟੀਨਾ ਦੇ ਪਲੇਠੇ ਦੌਰੇ ਦੀ ਸਮਾਪਤੀ ਮਗਰੋਂ ਬਿਆਨ ‘ਚ ਕਿਹਾ ਗਿਆ ਕਿ ਦੋਵੇਂ ਮੰਤਰੀਆਂ ਨੇ ਸੰਯੁਕਤ ਰਾਸ਼ਟਰ ਅਤੇ ਹੋਰ ਅਦਾਰਿਆਂ ‘ਚ ਵੀ ਇਕ-ਦੂਜੇ ਨੂੰ ਸਹਿਯੋਗ ਦੇਣ ‘ਤੇ ਸਹਿਮਤੀ ਜਤਾਈ ਹੈ। ਦੋਵੇਂ ਮੰਤਰੀਆਂ ਨੇ ਮੁਲਕਾਂ ਨੂੰ ਦਹਿਸ਼ਤਗਰਦਾਂ ਦੀਆਂ ਸੁਰੱਖਿਅਤ ਪਨਾਹਗਾਹਾਂ, ਉਸ ਦੇ ਢਾਂਚਿਆਂ ਨੂੰ ਜੜ੍ਹੋਂ ਉਖਾੜਨ ਅਤੇ ਵਿੱਤੀ ਸਹਾਇਤਾ ਦੇ ਰਾਹ ਬੰਦ ਕਰਨ ਦਾ ਵੀ ਸੱਦਾ ਦਿੱਤਾ। ਦੋਵੇਂ ਮੁਲਕਾਂ ਵਿਚਕਾਰ ਰੱਖਿਆ ਖੇਤਰ ‘ਚ ਸਹਿਯੋਗ ਵਧਾਉਣ ਬਾਰੇ ਵੀ ਸਹਿਮਤੀ ਬਣੀ। ਅਰਜਨਟੀਨਾ ਨੇ ਭਾਰਤ ‘ਚ ਬਣੇ ਤੇਜਸ ਲੜਾਕੂ ਜਹਾਜ਼ਾਂ ‘ਚ ਵੀ ਦਿਲਚਸਪੀ ਦਿਖਾਈ ਹੈ। ਦੋਵੇਂ ਮੁਲਕਾਂ ਵਿਚਕਾਰ ਸਾਂਝੇ ਕਮਿਸ਼ਨ ਦੀ ਅਗਲੀ ਮੀਟਿੰਗ 2023 ‘ਚ ਭਾਰਤ ‘ਚ ਹੋਵੇਗੀ। -ਪੀਟੀਆਈ