ਭਾਜਪਾ ਵਿੱਚ ਸ਼ਾਮਲ ਨਹੀਂ ਹੋਵਾਂਗਾ: ਗੁਲਾਮ ਨਬੀ ਆਜ਼ਾਦ

ਭਾਜਪਾ ਵਿੱਚ ਸ਼ਾਮਲ ਨਹੀਂ ਹੋਵਾਂਗਾ: ਗੁਲਾਮ ਨਬੀ ਆਜ਼ਾਦ


ਨਵੀਂ ਦਿੱਲੀ, 29 ਅਗਸਤ

ਮੁੱਖ ਅੰਸ਼

  • ‘ਬਿਮਾਰ ਕਾਂਗਰਸ ਕੰਪਾਊਂਡਰ ਤੋਂ ਲੈ ਰਹੀ ਹੈ ਦਵਾਈ’
  • ਵੱਖਰੀ ਪਾਰਟੀ ਬਣਾ ਕੇ ਜੰਮੂ ਕਸ਼ਮੀਰ ‘ਚ ਲੜਨਗੇ ਚੋਣਾਂ

ਕਾਂਗਰਸ ‘ਤੇ ਵਰ੍ਹਦਿਆਂ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਪਾਰਟੀ ਨੂੰ ਇਲਾਜ ਲਈ ਦੁਆ ਦੀ ਨਹੀਂ ਦਵਾਈ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਦਵਾਈਆਂ ਡਾਕਟਰਾਂ ਦੀ ਬਜਾਏ ਕੰਪਾਊਂਡਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਲੀਡਰਸ਼ਿਪ ‘ਤੇ ਦੋਸ਼ ਲਾਇਆ ਕਿ ਉਸ ਕੋਲ ਪਾਰਟੀ ਨੂੰ ਲੀਹ ‘ਤੇ ਲਿਆਉਣ ਦਾ ਸਮਾਂ ਨਹੀਂ ਹੈ ਅਤੇ ਰਾਹੁਲ ਗਾਂਧੀ ਦੀ ਸਿਆਸਤ ‘ਚ ਦਿਲਚਸਪੀ ਦਿਖਾਈ ਨਹੀਂ ਦਿੰਦੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਨੂੰ ਲੀਡਰ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਅਜਿਹਾ ਸੰਭਵ ਨਹੀਂ ਹੋ ਸਕਿਆ। ਕਾਂਗਰਸ ਪਾਰਟੀ ਛੱਡਣ ਮਗਰੋਂ ਆਪਣੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਜ਼ਾਦ ਨੇ ਦੋਸ਼ ਲਾਇਆ ਕਿ ਸੂਬਿਆਂ ‘ਚ ਜਿਹੜੇ ਆਗੂਆਂ ਨੂੰ ਥੋਪਿਆ ਜਾ ਰਿਹਾ ਹੈ, ਉਨ੍ਹਾਂ ਨਾਲ ਕਾਂਗਰਸ ਇਕਜੁੱਟ ਹੋਣ ਦੀ ਬਜਾਏ ਖਿੰਡਦੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਭਾਜਪਾ ‘ਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਜੰਮੂ ਕਸ਼ਮੀਰ ‘ਚ ਉਨ੍ਹਾਂ ਦੀ ਸਿਆਸਤ ਨੂੰ ਕੋਈ ਸਹਾਇਤਾ ਨਹੀਂ ਮਿਲੇਗੀ। ਉਨ੍ਹਾਂ ਦਾਅਵਾ ਕੀਤਾ ਕਿ ਜੰਮੂ ਕਸ਼ਮੀਰ ‘ਚ ਕਿਸੇ ਵੀ ਸਮੇਂ ਵਿਧਾਨ ਸਭਾ ਚੋਣਾਂ ਕਰਾਉਣ ਦਾ ਐਲਾਨ ਹੋ ਸਕਦਾ ਹੈ ਅਤੇ ਉਹ ਛੇਤੀ ਹੀ ਆਪਣੀ ਪਾਰਟੀ ਬਣਾਉਣਗੇ। ‘ਭਾਜਪਾ ਨਾਲ ਰਲਣ ਸਬੰਧੀ ਜਿਹੜੇ ਕੂੜ ਪ੍ਰਚਾਰ ਫੈਲਾ ਰਹੇ ਹਨ, ਉਹ ਭਾਜਪਾ ਦੇ ਹੱਥਾਂ ‘ਚ ਖੇਡ ਰਹੇ ਹਨ ਅਤੇ ਕਾਂਗਰਸ ਵੱਲੋਂ ਮੇਰੇ ਖ਼ਿਲਾਫ਼ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ।’ ਚੋਣਾਂ ਤੋਂ ਬਾਅਦ ਗੱਠਜੋੜ ਬਾਰੇ ਉਨ੍ਹਾਂ ਕਿਹਾ ਕਿ ਕਈ ਹੋਰ ਪਾਰਟੀਆਂ ਹਨ, ਜਿਨ੍ਹਾਂ ਨਾਲ ਨਵੀਂ ਪਾਰਟੀ ਰਲ ਸਕਦੀ ਹੈ। ਆਜ਼ਾਦ ਨੇ ਕਿਹਾ,”ਕਾਂਗਰਸ ਦੀ ਨੀਂਹ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ ਹੈ ਅਤੇ ਸੰਗਠਨ ਕਿਸੇ ਸਮੇਂ ਵੀ ਡਿੱਗ ਸਕਦਾ ਹੈ। ਇਸੇ ਕਰ ਕੇ ਮੈਂ ਅਤੇ ਕੁਝ ਹੋਰ ਆਗੂਆਂ ਨੇ ਪਾਰਟੀ ਨੂੰ ਹੁਣੇ ਛੱਡਣ ਦਾ ਫ਼ੈਸਲਾ ਲਿਆ ਹੈ।” ਉਨ੍ਹਾਂ ਕਿਹਾ ਕਿ ਉਹ ਕਾਂਗਰਸ ‘ਤੇ ਆਪਣੇ ਹਮਲੇ ਜਾਰੀ ਰਖਣਗੇ ਅਤੇ ਜੰਮੂ ਕਸ਼ਮੀਰ ‘ਚ ਕਾਂਗਰਸ ਦੇ ਛੇ ਸਾਬਕਾ ਵਿਧਾਇਕਾਂ ‘ਚੋਂ ਪੰਜ ਉਨ੍ਹਾਂ ਨਾਲ ਰਲ ਗਏ ਹਨ। -ਪੀਟੀਆਈ

ਚਾਰ ਹੋਰ ਆਗੂਆਂ ਵੱਲੋਂ ਆਜ਼ਾਦ ਦੀ ਹਮਾਇਤ ‘ਚ ਕਾਂਗਰਸ ਤੋਂ ਅਸਤੀਫ਼ਾ

ਕਠੂਆ/ਜੰਮੂ: ਜੰਮੂ ਕਸ਼ਮੀਰ ਦੇ ਸਾਬਕਾ ਡਿਪਟੀ ਸਪੀਕਰ ਗੁਲਾਮ ਹੈਦਰ ਮਲਿਕ ਸਮੇਤ ਕਾਂਗਰਸ ਦੇ ਚਾਰ ਹੋਰ ਆਗੂਆਂ ਨੇ ਗੁਲਾਮ ਨਬੀ ਆਜ਼ਾਦ ਦੀ ਹਮਾਇਤ ‘ਚ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮਲਿਕ, ਵਿਧਾਨ ਪਰਿਸ਼ਦ ਦੇ ਦੋ ਸਾਬਕਾ ਮੈਂਬਰਾਂ ਸੁਭਾਸ਼ ਗੁਪਤਾ (ਕਠੂਆ) ਤੇ ਸ਼ਾਮ ਲਾਲ ਭਗਤ (ਡੋਡਾ) ਤੇ ਜੰਮੂ ਅਤੇ ਕਸ਼ਮੀਰ ਕਾਂਗਰਸ ਦੇ ਜਨਰਲ ਸਕੱਤਰ ਮਹੇਸ਼ਵਰ ਸਿੰਘ ਮਨਹਾਸ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਅਪਨੀ ਪਾਰਟੀ ਦੇ 12 ਵਰਕਰਾਂ ਨੇ ਵੀ ਆਜ਼ਾਦ ਦੇ ਸਮਰਥਨ ਵਿੱਚ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਤੋਂ ਇਲਾਵਾ ਸਾਬਕਾ ਉਪ ਮੁੱਖ ਮੰਤਰੀ ਤਾਰਾ ਚੰਦ, ਸਾਬਕਾ ਮੰਤਰੀਆਂ ਅਬਦੁੱਲ ਮਾਜਿਦ ਵਾਨੀ, ਐੱਮ ਐੱਲ ਸ਼ਰਮਾ, ਘਾਰੂ ਰਾਮ ਅਤੇ ਸਾਬਕਾ ਵਿਧਾਇਕ ਬਲਵਾਨ ਸਿੰਘ ਨੇ ਦਿੱਲੀ ‘ਚ ਆਜ਼ਾਦ ਨਾਲ ਮੁਲਾਕਾਤ ਕੀਤੀ ਹੈ। -ਪੀਟੀਆਈ

ਮੋਦੀ ਨੇ ਮਾਨਵਤਾ ਦਿਖਾਈ ਸੀ: ਆਜ਼ਾਦ

ਕਾਂਗਰਸ ਪਾਰਟੀ ਛੱਡਣ ਵਾਲੇ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਉਹ ਸਮਝਦੇ ਸਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਰੁੱਖੇ ਬੰਦੇ’ ਹਨ ਪਰ ਉਨ੍ਹਾਂ ਰਾਜ ਸਭਾ ‘ਚ ਮੇਰੇ ਵਿਦਾਇਗੀ ਭਾਸ਼ਣ ਸਮੇਂ ਜਦੋਂ ਦਹਿਸ਼ਤੀ ਘਟਨਾ ਨੂੰ ਚੇਤੇ ਕੀਤਾ ਸੀ ਤਾਂ ਉਨ੍ਹਾਂ ਦੀ ਮਾਨਵਤਾ ਨਜ਼ਰ ਆਈ ਸੀ। ਆਜ਼ਾਦ ਨੇ ਕਿਹਾ ਕਿ ਮੋਦੀ ਦੇ ਭਾਵੁਕ ਭਾਸ਼ਣ ਨੂੰ ਕੁਝ ‘ਅਨਪੜ੍ਹ’ ਕਾਂਗਰਸੀਆਂ ਨੇ ਵੱਖਰਾ ਰੂਪ ਦੇ ਦਿੱਤਾ ਸੀ ਅਤੇ ਪ੍ਰਧਾਨ ਮੰਤਰੀ ਵੱਲੋਂ ਸਦਨ ‘ਚ ਪ੍ਰਗਟਾਏ ਗਏ ਜਜ਼ਬਾਤ ਇਕ-ਦੂਜੇ ਲਈ ਨਹੀਂ ਸਗੋਂ ਹਾਦਸੇ ਬਾਰੇ ਸਨ। ‘ਮੈਂ ਸਮਝਦਾ ਸੀ ਕਿ ਮੋਦੀ ਸਾਹਿਬ ਖਰਵੇ ਬੰਦੇ ਹਨ ਕਿਉਂਕਿ ਉਨ੍ਹਾਂ ਦੇ ਬੱਚੇ ਨਹੀਂ ਹਨ ਅਤੇ ਆਪਣਾ ਪਰਿਵਾਰ ਨਹੀਂ ਹੈ। ਉਹ ਬੇਪ੍ਰਵਾਹ ਹਨ ਪਰ ਉਨ੍ਹਾਂ ਮਾਨਵਤਾ ਦਿਖਾਈ ਸੀ।’ ਰਾਜ ਸਭਾ ‘ਚ ਮੋਦੀ ਦੇ ਹੰਝੂ ਨਿਕਲਣ ਦੀ ਘਟਨਾ ਨੂੰ ਚੇਤੇ ਕਰਦਿਆਂ ਆਜ਼ਾਦ ਨੇ ਕਿਹਾ ਕਿ ਉਹ ਵੀ ਮੰਦਭਾਗੀ ਘਟਨਾ ਨੂੰ ਸੁਣ ਕੇ ਅਤੇ ਉਨ੍ਹਾਂ ਵੱਲੋਂ ਭਰੇ ਹੁੰਗਾਰੇ ਨੂੰ ਦੇਖ ਕੇ ਰੋ ਪਏ ਸਨ। ਰਾਹੁਲ ਗਾਂਧੀ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਇਹ ਰਾਹੁਲ ਸੀ ਜਿਸ ਨੇ ਸੰਸਦ ‘ਚ ਮੋਦੀ ਨੂੰ ਗਲਵੱਕੜੀ ਪਾਈ ਸੀ। -ਪੀਟੀਆਈ

ਕਾਂਗਰਸ ਨੂੰ ਬਦਨਾਮ ਕਰਨ ਦਾ ਕੰਮ ਆਜ਼ਾਦ ਹਵਾਲੇ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਕਿਹਾ ਕਿ ਗੁਲਾਮ ਨਬੀ ਆਜ਼ਾਦ ਨੂੰ ਪਾਰਟੀ ਨੂੰ ਬਦਨਾਮ ਕਰਨ ਦਾ ਕੰਮ ਸੌਂਪਿਆ ਗਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸਵਾਲ ਕੀਤਾ,”ਆਜ਼ਾਦ ਹਰ ਮਿੰਟ ਆਪਣੇ ਵਿਸ਼ਵਾਸਘਾਤ ਨੂੰ ਜਾਇਜ਼ ਕਿਉਂ ਠਹਿਰਾ ਰਹੇ ਹਨ। ਉਨ੍ਹਾਂ ਨੂੰ ਆਸਾਨੀ ਨਾਲ ਬੇਨਕਾਬ ਕੀਤਾ ਜਾ ਸਕਦਾ ਹੈ ਪਰ ਅਸੀਂ ਉਨ੍ਹਾਂ ਦੇ ਪੱਧਰ ਤੱਕ ਹੇਠਾਂ ਕਿਉਂ ਡਿੱਗੀਏ।” ਉਨ੍ਹਾਂ ਕਿਹਾ ਕਿ ਆਜ਼ਾਦ ਗਲਤ ਬਿਆਨੀ ਕਰਕੇ ਆਪਣਾ ਕੱਦ ਨੀਵਾਂ ਕਰ ਰਹੇ ਹਨ। -ਪੀਟੀਆਈSource link