ਦੁਬਈ: ਸਾਊਦੀ ਅਰਬ ਦੀ ਇੱਕ ਅਦਾਲਤ ਨੇ ਸੋਸ਼ਲ ਮੀਡੀਆ ਸਰਗਰਮੀਆਂ ਰਾਹੀਂ ਦੇਸ਼ ਦੀ ਸਾਖ ਨੂੰ ਕਥਿਤ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਇੱਕ ਔਰਤ 45 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਜਾਣਕਾਰੀ ਅੱਜ ਇੱਕ ਅਦਾਲਤੀ ਦਸਤਾਵੇਜ਼ ਵਿੱਚ ਮਿਲੀ ਹੈ। ਸਾਊਦੀ ਅਰਬ ਵਿੱਚ ਇਸ ਮਹੀਨੇ ਅਜਿਹੀ ਸਜ਼ਾ ਦਾ ਇਹ ਦੂਜਾ ਮਾਮਲਾ ਹੈ। ਸਾਊਦੀ ਅਰਬ ਦੇ ਸਭ ਤੋਂ ਵੱਡੇ ਕਬੀਲਿਆਂ ਵਿੱਚੋਂ ਇੱਕ ਨਾਲ ਸਬੰਧਤ ਨੂਰਾ ਬਿੰਤ ਸਈਦ ਅਲ-ਕਹਤਾਨੀ ਬਾਰੇ ਬਹੁਤੀ ਜਾਣਕਾਰੀ ਉਪਲੱਬਧ ਨਹੀਂ ਹੈ। ਐਸੋਸੀਏਟਿਡ ਪ੍ਰੈੱਸ ਅਤੇ ਮਨੁੱਖੀ ਅਧਿਕਾਰ ਗਰੁੱਪਾਂ ਵੱਲੋਂ ਦੇਖੇ ਗਏ ਇੱਕ ਅਧਿਕਾਰਤ ਦੋਸ਼ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਕੇਸ ਸੋਸ਼ਲ ਮੀਡੀਆ ਦੀ ਵਰਤੋਂ ਨਾਲ ਸਬੰਧਤ ਹੈ। ਦੋਸ਼ ਪੱਤਰ ਵਿੱਚ ਕਹਤਾਨੀ ਦੀਆਂ ਸੋਸ਼ਲ ਮੀਡੀਆ ਸਰਗਰਮੀਆਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਗਿਆ ਕਿ ਜੱਜਾਂ ਨੇ ਉਸ ਨੂੰ ”ਸਮਾਜਿਕ ਏਕਤਾ ਨੂੰ ਨੁਕਸਾਨ ਪਹੁੰਚਾਉਣ” ਅਤੇ ”ਸਮਾਜਿਕ ਤਾਣੇ-ਬਾਣੇ ਨੂੰ ਅਸਥਿਰ ਕਰਨ” ਦਾ ਦੋਸ਼ੀ ਪਾਇਆ ਹੈ। ਮਨੁੱਖੀ ਅਧਿਕਾਰਾਂ ਬਾਰੇ ਵਾਸ਼ਿੰਗਟਨ ਅਧਾਰਿਤ ਸੰਸਥਾ ‘ਡੈਮੋਕ੍ਰੇਸੀ ਫਾਰ ਦਿ ਵਰਲਡ ਨਾਓ’ ਮੁਤਾਬਕ ਅਲ-ਕਹਤਾਨੀ 4 ਜੁਲਾਈ 2021 ਨੂੰ ਹਿਰਾਸਤ ‘ਚ ਲਿਆ ਗਿਆ ਸੀ। -ਪੀਟੀਆਈ