ਨਵੀਂ ਦਿੱਲੀ, 1 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਵੀਅਤ ਯੂਨੀਅਨ ਦੇ ਆਖਰੀ ਆਗੂ ਮਿਖਾਈਲ ਗੋਰਬਾਚੇਵ ਦੇ ਦੇਹਾਂਤ ‘ਤੇ ਅੱਜ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗੋਰਬਾਚੇਵ ਲੰਮੇ ਸਮੇਂ ਤੋਂ ਬਿਮਾਰ ਸਨ ਤੇ ਲੰਘੇ ਮੰਗਲਵਾਰ ਉਨ੍ਹਾਂ ਦਾ ਮਾਸਕੋ ਦੇ ਹਸਪਤਾਲ ‘ਚ ਦੇਹਾਂਤ ਹੋ ਗਿਆ ਸੀ। ਉਹ 91 ਸਾਲਾਂ ਦੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, ‘ਮੈਂ ਮਿਖਾਈਲ ਗੋਰਬਾਚੇਵ ਦੇ ਪਰਿਵਾਰ ਤੇ ਦੋਸਤਾਂ ਨਾਲ ਹਮਦਰਦੀ ਜ਼ਾਹਿਰ ਕਰਦਾ ਹਾਂ। ਉਹ 20ਵੀਂ ਸਦੀ ਦੇ ਪ੍ਰਮੁੱਖ ਆਗੂਆਂ ‘ਚੋਂ ਇੱਕ ਸਨ ਜਿਨ੍ਹਾਂ ਇਤਿਹਾਸ ‘ਚ ਆਪਣੀ ਅਮਿੱਟ ਥਾਂ ਬਣਾਈ ਹੈ।’ ਉਨ੍ਹਾਂ ਕਿਹਾ, ‘ਅਸੀਂ ਭਾਰਤ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ‘ਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਾਂਗੇ।’ ਗੋਰਬਾਚੇਵ 1985 ਤੋਂ 1991 ਤੱਕ ਸੋਵੀਅਤ ਯੂਨੀਅਨ ਦੇ ਆਗੂ ਸਨ। ਉਨ੍ਹਾਂ 1986 ਤੇ 1988 ‘ਚ ਭਾਰਤ ਯਾਤਰਾ ਕੀਤੀ ਸੀ। 1991 ‘ਚ ਸੋਵੀਅਤ ਯੂਨੀਅਨ ਭੰਗ ਹੋ ਗਿਆ ਸੀ। -ਪੀਟੀਆਈ
ਗੋਰਬਾਚੇਵ ਦੇ ਸਸਕਾਰ ‘ਚ ਸ਼ਾਮਲ ਨਹੀਂ ਹੋਣਗੇ ਪੂਤਿਨ
ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਆਪਣੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਕਾਰਨ ਸੋਵੀਅਤ ਯੂਨੀਅਨ ਦੇ ਸਾਬਕਾ ਰਾਸ਼ਟਰਪਤੀ ਮਿਖਾਈਲ ਗੋਰਬਾਚੇਵ ਦੇ ਇਸ ਹਫ਼ਤੇ ਦੇ ਅਖੀਰ ‘ਚ ਹੋਣ ਵਾਲੇ ਵਾਲੇ ਸਸਕਾਰ ‘ਚ ਸ਼ਾਮਲ ਨਹੀਂ ਹੋਣਗੇ। ਹਾਲਾਂਕਿ ਉਨ੍ਹਾਂ ਮਰਹੂਮ ਆਗੂ ਨੂੰ ਸ਼ਰਧਾਂਜਲੀ ਦਿੱਤੀ ਹੈ। ਕਰੈਮਲਿਨ ਦੇ ਤਰਜਮਾਨ ਦਮਿੱਤਰੀ ਪੈਸਕੋਵ ਨੇ ਦੱਸਿਆ ਕਿ ਪੂਤਿਨ ਮਾਸਕੋ ਦੇ ਉਸ ਹਸਪਤਾਲ ਗਏ ਜਿੱਥੇ ਗੋਰਬਾਚੇਵ ਦੀ ਦੇਹ ਰੱਖੀ ਗਈ ਹੈ। ਪੈਸਕੋਵ ਨੇ ਦੱਸਿਆ ਕਿ ਪੂਤਿਨ ਆਪਣੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਕਾਰਨ ਸਸਕਾਰ ‘ਚ ਸ਼ਾਮਲ ਨਹੀਂ ਹੋ ਸਕਣਗੇ ਪਰ ਉਨ੍ਹਾਂ ਮਰਹੂਮ ਆਗੂ ਨੂੰ ਸ਼ਰਧਾਂਜਲੀ ਦਿੱਤੀ ਹੈ। ਇਹ ਪੁੱਛੇ ਜਾਣ ‘ਤੇ ਕਿ ਕੀ ਗੋਰਬਾਚੇਵ ਦਾ ਸਸਕਾਰ ਸਰਕਾਰੀ ਸਨਮਾਨ ਕੀਤਾ ਨਾਲ ਜਾਵੇਗਾ ਤਾਂ ਪੈਸਕੋਵ ਨੇ ਕਿਹਾ ਕਿ ‘ਆਨਰੇਰੀ ਗਾਰਡ’ ਤੇ ਹੋਰ ਰਸਮਾਂ ਸਮੇਤ ਸਰਕਾਰੀ ਸਨਮਾਨ ਨਾਲ ਸਸਕਾਰ ਹੋਵੇਗਾ। -ਏਪੀ