ਸਾਡੇ ’ਤੇ 250 ਸਾਲ ਰਾਜ ਕਰਨ ਵਾਲਿਆਂ ਨੂੰ ਪਿਛਾਂਹ ਧੱਕਣਾ ਬਹੁਤ ਖ਼ਾਸ: ਮੋਦੀ

ਸਾਡੇ ’ਤੇ 250 ਸਾਲ ਰਾਜ ਕਰਨ ਵਾਲਿਆਂ ਨੂੰ ਪਿਛਾਂਹ ਧੱਕਣਾ ਬਹੁਤ ਖ਼ਾਸ: ਮੋਦੀ


ਨਵੀਂ ਦਿੱਲੀ, 5 ਸਤੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਯੂਕੇ ਨੂੰ ਪਿਛਾਂਹ ਧੱਕ ਕੇ ਵਿਸ਼ਵ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਬਣਨਾ ਬਹੁਤ ਖਾਸ ਹੈ ਕਿਉਂਕਿ ਭਾਰਤ ਨੇ ਉਨ੍ਹਾਂ ਲੋਕਾਂ ਨੂੰ ਪਿੱਛੇ ਛੱਡਿਆ ਹੈ, ਜਿਨ੍ਹਾਂ 250 ਸਾਲਾਂ ਤੱਕ ਸਾਡੇ ‘ਤੇ ਰਾਜ ਕੀਤਾ। ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਵੱਲੋਂ ਜਾਰੀ ਅਨੁਮਾਨਾਂ ਮੁਤਾਬਕ ਭਾਰਤ, ਯੂਕੇ ਤੋਂ ਪਾਰ ਪਾਉਂਦਿਆਂ ਵਿਸ਼ਵ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਬਣ ਗਿਆ ਹੈ। ਇਸ ਸੂਚੀ ਵਿੱਚ ਭਾਰਤ ਤੋਂ ਅੱਗੇ ਹੁਣ ਅਮਰੀਕਾ, ਚੀਨ, ਜਾਪਾਨ ਤੇ ਜਰਮਨੀ ਹਨ। ਪ੍ਰਧਾਨ ਇਥੇ ਕੌਮੀ ਅਧਿਆਪਕ ਪੁਰਸਕਾਰ ਜੇਤੂਆਂ ਦੇ ਰੂਬਰੂ ਹੋਣ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਨੇ ਹਜ਼ਾਰਾਂ ਸਾਲ ਪੁਰਾਣੀ ਗ਼ੁਲਾਮੀ ਦੀਆਂ ਬੇੜੀਆਂ ਨੂੰ ਤੋੜ ਦਿੱਤਾ ਹੈ ਤੇ ਭਾਰਤ ਹੁਣ ਅੱਗੇ ਵੱਲ ਨੂੰ ਹੀ ਵਧੇਗਾ। ਉਨ੍ਹਾਂ ਕਿਹਾ, ”ਯੂਕੇ, ਜਿਨ੍ਹਾਂ ਲਗਪਗ 250 ਸਾਲ ਭਾਰਤ ‘ਤੇ ਰਾਜ ਕੀਤਾ, ਨੂੰ ਪਿਛਾਂਹ ਧੱਕ ਕੇ ਅੱਗੇ ਲੰਘਣਾ, ਮਹਿਜ਼ ਦਰਜਾਬੰਦੀ ਵਿੱਚ ਸੁਧਾਰ ਬਾਰੇ ਅੰਕੜੇ ਨਹੀਂ। ਇਹ ਬਹੁਤ ਖਾਸ ਹੈ।” ਸ੍ਰੀ ਮੋਦੀ ਨੇ ਤਿਰੰਗੇ ਦੇ ਜੋਸ਼/ਉਤਸ਼ਾਹ ‘ਤੇ ਵੀ ਚਾਨਣਾ ਪਾਇਆ, ਜਿਸ ਸਦਕਾ ਭਾਰਤ ਨੇ ਅੱਜ ਦੇ ਵਿਸ਼ਵ ਵਿੱਚ ਨਵੀਆਂ ਬੁਲੰਦੀਆਂ ਸਰ ਕੀਤੀਆਂ। ਉਨ੍ਹਾਂ ਕਿਹਾ, ”ਇਹ ਜੋਸ਼ ਅੱਜ ਦੇ ਸਮਿਆਂ ‘ਚ ਬਹੁਤ ਜ਼ਰੂਰੀ ਹੈ। ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਉਹ ਦੇਸ਼ ਲਈ ਜਿਊਣ-ਮਰਨ ਤੇ ਸਖ਼ਤ ਮਿਹਨਤ ਕਰਨ ਦੇ ਜਜ਼ਬੇ ਨੂੰ ਭਖਾਉਣ। ਇਹੀ ਜੋਸ਼ 1930 ਤੋਂ 1942 ਦਰਮਿਆਨ ਨਜ਼ਰ ਆਇਆ ਸੀ, ਜਦੋਂ ਹਰ ਭਾਰਤੀ ਆਜ਼ਾਦੀ ਲਈ ਅੰਗਰੇਜ਼ਾਂ ਖਿਲਾਫ਼ ਲੜ ਰਿਹਾ ਸੀ।” ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਆਖਿਆ, ”ਮੈਂ ਆਪਣੇ ਮੁਲਕ ਨੂੰ ਪਿੱਛੇ ਨਹੀਂ ਰਹਿਣ ਦੇਵਾਂਗਾ। ਅਸੀਂ ਹਜ਼ਾਰਾਂ ਸਾਲ ਦੀ ਗੁਲਾਮੀ ਦੀਆਂ ਬੇੜੀਆਂ ਨੂੰ ਤੋੜਿਆ ਹੈ ਤੇ ਹੁਣ ਅਸੀਂ ਨਹੀਂ ਰੁਕਾਂਗੇ। ਅਸੀਂ ਅੱਗੇ ਵੱਲ ਨੂੰ ਵਧਾਂਗੇ।”

ਚੇਤੇ ਰਹੇ ਕਿ ਇਕ ਦਹਾਕਾ ਪਹਿਲਾਂ ਭਾਰਤ ਵੱਡੇ ਅਰਥਚਾਰਿਆਂ ਬਾਰੇ ਇਸ ਸੂਚੀ ਵਿੱਚ 11ਵੇਂ ਸਥਾਨ ਜਦੋਂਕਿ ਯੂਕੇ 5ਵੀਂ ਥਾਵੇਂ ਸੀ। ਅਪਰੈਲ-ਜੂਨ ਤਿਮਾਹੀ ਵਿੱਚ ਰਿਕਾਰਡ ਵਾਧੇ ਨਾਲ ਭਾਰਤੀ ਅਰਥਚਾਰੇ ਨੇ ਯੂਕੇ ਨੂੰ ਪਿੱਛੇ ਛੱਡ ਦਿੱਤਾ ਹੈ। -ਪੀਟੀਆਈ

14500 ਸਕੂਲਾਂ ਨੂੰ ਅਪਗ੍ਰੇਡ ਕਰਨ ਲਈ ਪੀਐੱਮ-ਸ੍ਰੀ ਸਕੀਮ ਦਾ ਐਲਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਧਿਆਪਕ ਦਿਵਸ ਮੌਕੇ ਦੇਸ਼ ਭਰ ਦੇ 14,500 ਸਕੂਲਾਂ ਨੂੰ ਅਪਗ੍ਰੇਡ ਕਰਨ ਲਈ ਪ੍ਰਧਾਨ ਮੰਤਰੀ ਸਕੂਲਜ਼ ਫਾਰ ਰਾਈਜ਼ਿੰਗ ਇੰਡੀਆ (ਪੀਐੱਮ-ਸ੍ਰੀ) ਸਕੀਮ ਦਾ ਐਲਾਨ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਪੀਐੱਮ-ਸ੍ਰੀ ਸਕੂਲਾਂ ਨੂੰ ਮਾਡਲ ਸਕੂਲ ਬਣਾਇਆ ਜਾਵੇਗਾ, ਜੋ ਨਵੀਂ ਕੌਮੀ ਸਿੱਖਿਆ ਨੀਤੀ ਦਾ ਨਿਚੋੜ ਸਾਬਤ ਹੋਣਗੇ।

ਆਜ਼ਾਦੀ ਘੁਲਾਟੀਏ ਚਿਦੰਬਰਮ ਪਿੱਲਈ ਨੂੰ ਕੀਤਾ ਯਾਦ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਜ਼ਾਦੀ ਘੁਲਾਟੀਏ ਵੀਓ ਚਿਦੰਬਰਮ ਪਿੱਲਈ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਯਾਦ ਕੀਤਾ। ਦੱਸਣਯੋਗ ਹੈ ਕਿ ਪਿੱਲਈ ਤਾਮਿਲਨਾਡੂ ਵਿਚ ਆਜ਼ਾਦੀ ਦੇ ਸੰਘਰਸ਼ ਦੇ ਨਾਇਕ ਰਹੇ ਹਨ। ਪਿੱਲਈ ਨੂੰ ਦੇਸ਼ ਲਈ ਕੀਤੀ ਉਨ੍ਹਾਂ ਦੀ ਕੁਰਬਾਨੀ ਲਈ ਯਾਦ ਕੀਤਾ ਜਾਂਦਾ ਹੈ। ਮੋਦੀ ਨੇ ਕਿਹਾ ਕਿ ਮੁਲਕ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਦਾ ਕਰਜ਼ਦਾਰ ਹੈ। ਪ੍ਰਧਾਨ ਮੰਤਰੀ ਨੇ ਨਾਲ ਹੀ ਕਿਹਾ ਕਿ ਪਿੱਲਈ ਨੇ ਆਰਥਿਕ ਤਰੱਕੀ ਤੇ ਆਤਮ-ਨਿਰਭਰ ਬਣਨ ਉਤੇ ਵੀ ਜ਼ੋਰ ਦਿੱਤਾ। ਉਨ੍ਹਾਂ ਦੇ ਵਿਚਾਰ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੇ ਹਨ।Source link