ਬਰਾਕ ਤੇ ਮਿਸ਼ੇਲ ਓਬਾਮਾ ਵੱਲੋਂ ਤਸਵੀਰਾਂ ਦੀ ਘੁੰਡ ਚੁਕਾਈ

ਬਰਾਕ ਤੇ ਮਿਸ਼ੇਲ ਓਬਾਮਾ ਵੱਲੋਂ ਤਸਵੀਰਾਂ ਦੀ ਘੁੰਡ ਚੁਕਾਈ


ਵਾਸ਼ਿੰਗਟਨ, 8 ਸਤੰਬਰ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਨੇ ਵ੍ਹਾਈਟ ਹਾਊਸ ਵਿੱਚ ਵਿਸ਼ੇਸ਼ ਸਮਾਰੋਹ ਦੌਰਾਨ ਅੱਜ ਆਪਣੀਆਂ ਤਸਵੀਰਾਂ ਤੋਂ ਪਰਦਾ ਹਟਾਇਆ। ਸਾਲ 2017 ਵਿੱਚ ਵ੍ਹਾਈਟ ਹਾਊਸ ਛੱਡਣ ਮਗਰੋਂ ਓਬਾਮਾ ਪਰਿਵਾਰ ਦੀ ਇਹ ਪਹਿਲੀ ਫੇਰੀ ਸੀ। ਇਸ ਮੌਕੇ ਰਾਸ਼ਟਰਪਤੀ ਜੋਅ ਬਾਇਡਨ, ਉਨ੍ਹਾਂ ਦੀ ਪਤਨੀ ਡਾ. ਜਿਲ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਹਾਜ਼ਰ ਸਨ। ਬਾਇਡਨ ਨੇ ਵ੍ਹਾਈਟ ਹਾਊਸ ਦੇ ਈਸਟ ਰੂਮ ਵਿੱਚ ਹੋਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਰਾਕ ਓਬਾਮਾ ਅਤੇ ਮਿਸ਼ੇਲ ਓਬਾਮਾ ਅਮਰੀਕੀ ਲੋਕਾਂ ਦੇ ਦਿਲਾਂ ਦੇ ਕਾਫ਼ੀ ਨੇੜੇ ਹਨ। ਉਨ੍ਹਾਂ ਕਿਹਾ, ‘ਜਿਲ ਅਤੇ ਮੈਂ ਵ੍ਹਾਈਟ ਹਾਊਸ ਵਿੱਚ ਪ੍ਰੋਗਰਾਮ ਕਰਵਾਉਣ ਦੀ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸੀ। ਹੁਣ ਕੋਵਿਡ-19 ਮਹਾਮਾਰੀ ਤੋਂ ਉੱਭਰਨ ਮਗਰੋਂ ਅਸੀਂ ਆਪਣੇ ਦੋ ਸਾਥੀਆਂ ਦੀਆਂ ਤਸਵੀਰਾਂ ਤੋਂ ਪਰਦਾ ਹਟਾ ਰਹੇ ਹਾਂ। ਦੋਵੇਂ ਹੁਣ ਵੀ ਅਮਰੀਕੀ ਲੋਕਾਂ ਦੇ ਚਹੇਤੇ ਹਨ। ਇਹ ਤਸਵੀਰਾਂ ਇਸ ਪਵਿੱਤਰ ਸਥਾਨ ‘ਤੇ ਲੱਗਣਗੀਆਂ ਅਤੇ ਸੱਤਾ ਵਿੱਚ ਆਉਣ ਵਾਲੇ ਲੋਕਾਂ ਨੂੰ ਯਾਦ ਦਿਵਾਉਂਦੀਆਂ ਰਹਿਣਗੀਆਂ ਕਿ ਉਮੀਦ ਅਤੇ ਬਦਲਾਅ ਮਾਇਨੇ ਰੱਖਦਾ ਹੈ।” ਬਰਾਕ ਓਬਾਮਾ ਅਤੇ ਮਿਸ਼ੇਲ ਓਬਾਮਾ ਦੀਆਂ ਤਸਵੀਰਾਂ ਵ੍ਹਾਈਟ ਹਾਊਸ ਹਿਸਟੌਰੀਕਲ ਐਸੋਸੀਏਸ਼ਨ ਨੇ ਬਣਵਾਈਆਂ ਹਨ। ਸੰਸਥਾ ਨੇ ਇਹ ਰਵਾਇਤ 1965 ਵਿੱਚ ਸ਼ੁਰੂ ਕੀਤੀ ਸੀ। ਪਹਿਲੀ ਵਾਰ ਪੇਂਟਰਾਂ ਦੇ ਨਾਮ ਜ਼ਾਹਿਰ ਕੀਤੇ ਗਏ ਹਨ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਤਸਵੀਰ ਰਾਬਰਟ ਮੈਕਕਡਰੀ ਅਤੇ ਮਿਸ਼ੇਲ ਓਬਾਮਾ ਦੀ ਤਸਵੀਰ ਸ਼ੈਰਨ ਸਪਰੰਗ ਨੇ ਬਣਾਈ ਹੈ। -ਪੀਟੀਆਈSource link