ਉੱਤਰਾਖੰਡ ’ਚ ਹੜ੍ਹ ਕਾਰਨ ਔਰਤ ਦੀ ਮੌਤ, 36 ਘਰ ਡੁੱਬੇ

ਉੱਤਰਾਖੰਡ ’ਚ ਹੜ੍ਹ ਕਾਰਨ ਔਰਤ ਦੀ ਮੌਤ, 36 ਘਰ ਡੁੱਬੇ


ਪਿਥੌਰਾਗੜ੍ਹ (ਉਤਰਾਖੰਡ), 10 ਸਤੰਬਰ

ਨੇਪਾਲ ਦੇ ਸਰਹੱਦੀ ਪਿੰਡ ਵਿੱਚ ਬੱਦਲ ਫਟਣ ਕਾਰਨ ਭਾਰਤ ਵਾਲੇ ਪਾਸੇ ਸਥਿਤ ਪਿੰਡ ਖੋਟੀਲਾ ਵਿੱਚ ਹੜ੍ਹ ਆ ਗਿਆ। ਕਾਲੀ ਨਦੀ ਦਾ ਪਾਣੀ ਘਰਾਂ ਵਿੱਚ ਵੜ ਗਿਆ, ਜਿਸ ਕਾਰਨ ਇੱਕ ਔਰਤ ਦੀ ਮੌਤ ਹੋ ਗਈ। ਪਿਥੌਰਾਗੜ੍ਹ ਦੇ ਜ਼ਿਲ੍ਹਾ ਮੈਜਿਸਟ੍ਰੇਟ ਆਸ਼ੀਸ਼ ਚੌਹਾਨ ਨੇ ਦੱਸਿਆ ਕਿ ਖੋਟੀਲਾ ਵਾਸੀ ਪਸ਼ੂਪਤੀ ਦੇਵੀ ਦੀ ਲਾਸ਼ ਨੂੰ ਚਿੱਕੜ ਵਿੱਚੋਂ ਬਾਹਰ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ਪਿੰਡ ਜ਼ਿਲ੍ਹੇ ਦੇ ਧਾਰਚੂਲਾ ਸ਼ਹਿਰ ਦੇ ਨੇੜੇ ਸਥਿਤ ਹੈ। ਸ੍ਰੀ ਚੌਹਾਨ ਨੇ ਦੱਸਿਆ ਕਿ ਭਾਰਤ ਤੇ ਨੇਪਾਲ ਸਰਹੱਦ ਤੋਂ ਪਾਰ ਪਿੰਡ ਬੰਗਾਬਾਗਰ ਵਿੱਚ ਬੀਤੀ ਅੱਧੀ ਰਾਤ ਨੂੰ ਬੱਦਲ ਫਟ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਖੋਟੀਲਾ ਪਿੰਡ ਦੇ 36 ਘਰਾਂ ਵਿੱਚ ਨਦੀ ਦੇ ਪਾਣੀ ਨਾਲ ਆਇਆ ਮਲਬਾ ਭਰ ਗਿਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਮਾਰੀ ਗਈ ਔਰਤ ਤੋਂ ਸਮੇਂ ਸਿਰ ਘਰ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ ਅਤੇ ਉਸ ਨੂੰ ਸਰੱਖਿਅਤ ਥਾਂ ‘ਤੇ ਜਾਣ ਦਾ ਸਮਾਂ ਨਾ ਮਿਲਿਆ। ਉਨ੍ਹਾਂ ਦੱਸਿਆ ਕਿ ਪਿੰਡ ਦੇ 170 ਪ੍ਰਭਾਵਿਤ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਨੂੰ ਧਾਰਚੂਲਾ ਵਿੱਚ ਬਣੇ ਸਟੇਡੀਅਮ ਵਿੱਚ ਬਣਾਏ ਗਏ ਸ਼ੈਲਟਰਾਂ ਵਿੱਚ ਭੇਜਿਆ ਗਿਆ ਹੈ। -ਪੀਟੀਆਈ

ਨੇਪਾਲ ਵਿੱਚ ਢਿੱਗਾਂ ਡਿੱਗਣ ਕਾਰਨ 5 ਹਲਾਕ, 7 ਲਾਪਤਾ

ਕਾਠਮੰਡੂ: ਨੇਪਾਲ ਦੇ ਪੱਛਮੀ ਜ਼ਿਲ੍ਹੇ ਧਾਰਚੂਲਾ ਵਿੱਚ ਭਾਰੀ ਮੀਂਹ ਮਗਰੋਂ ਆਏ ਹੜ੍ਹਾਂ ਅਤੇ ਢਿੱਗਾਂ ਡਿੱਗਣ ਕਾਰਨ ਪੰਜ ਜਣਿਆਂ ਦੀ ਮੌਤ ਹੋ ਗਈ, ਜਦਕਿ ਸੱਤ ਹੋਰ ਲਾਪਤਾ ਹਨ। ਪੁਲੀਸ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਤੋਂ ਲਗਾਤਾਰ ਪਏ ਮੀਂਹ ਕਾਰਨ ਮਹਾਕਾਲੀ ਅਤੇ ਲਕਸੂ ਦਰਿਆ ਵਿੱਚ ਆਏ ਹੜ੍ਹਾਂ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰਾਂ ਦੀ ਜ਼ਮੀਨ ਖਿਸਕਣ ਕਾਰਨ ਮਲਬੇ ਹੇਠ ਦੱਬ ਕੇ ਮੌਤ ਹੋ ਗਈ। ਇਸ ਤੋਂ ਇਲਾਵਾ ਛੇ ਜਣੇ ਜ਼ਖ਼ਮੀ ਹੋਏ ਹਨ, ਜਦ ਕਿ 7 ਹੋਰ ਲਾਪਤਾ ਹਨ। ਨੇਪਾਲ ਪੁਲੀਸ ਅਤੇ ਹੋਰ ਸੁਰੱਖਿਆ ਬਲਾਂ ਵੱਲੋਂ ਸਾਂਝੇ ਤੌਰ ‘ਤੇ ਲਾਪਤਾ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। -ਪੀਟੀਆਈSource link