ਜੇਡੀ (ਯੂ) ਵੱਲੋਂ ਪ੍ਰਸ਼ਾਂਤ ਕਿਸ਼ੋਰ ’ਤੇ ਭਾਜਪਾ ਲਈ ਕੰਮ ਕਰਨ ਦਾ ਦੋਸ਼

ਜੇਡੀ (ਯੂ) ਵੱਲੋਂ ਪ੍ਰਸ਼ਾਂਤ ਕਿਸ਼ੋਰ ’ਤੇ ਭਾਜਪਾ ਲਈ ਕੰਮ ਕਰਨ ਦਾ ਦੋਸ਼


ਪਟਨਾ: ਜੇਡੀ (ਯੂ) ਦੇ ਪ੍ਰਧਾਨ ਰਾਜੀਵ ਰੰਜਨ ਸਿੰਘ ਉਰਫ਼ ਲਲਨ ਨੇ ਅੱਜ ਦੋਸ਼ ਲਾਇਆ ਕਿ ਸਿਆਸੀ ਰਣਨੀਤੀਕਾਰ ਤੋਂ ਸਿਆਸਤਦਾਨ ਬਣੇ ਪ੍ਰਸ਼ਾਂਤ ਕਿਸ਼ੋਰ ‘ਭਾਜਪਾ ਲਈ ਕੰਮ ਕਰ ਰਹੇ ਹਨ’। ਉਨ੍ਹਾਂ ਕਿਹਾ ਕਿ ਪ੍ਰਸ਼ਾਂਤ ਭਾਜਪਾ ਦੀ ‘ਸਾਜ਼ਿਸ਼’ ਦਾ ਹਿੱਸਾ ਹਨ ਜੋ ਕਿ ਬਿਹਾਰ ਵਿਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਲਲਨ ਨੇ ਪ੍ਰਸ਼ਾਂਤ ਦੇ ਉਸ ਦਾਅਵੇ ਦਾ ਖੰਡਨ ਕੀਤਾ ਜਿਸ ਵਿਚ ਚੋਣ ਰਣਨੀਤੀਕਾਰ ਨੇ ਕਿਹਾ ਸੀ ਕਿ ਉਸ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਕੀਤੀ ‘ਪੇਸ਼ਕਸ਼’ ਨੂੰ ਠੁਕਰਾ ਦਿੱਤਾ ਹੈ। ਪ੍ਰਧਾਨ ਨੇ ਕਿਹਾ ਕਿ ਪ੍ਰਸ਼ਾਂਤ ‘ਸਿਆਸੀ ਆਗੂ ਨਹੀਂ ਬਲਕਿ ਕਾਰੋਬਾਰੀ ਹੈ ਜੋ ਕਿ ਬਾਜ਼ਾਰੀ ਚਾਲਾਂ ਖੇਡਦਾ ਹੈ।’ ਉਨ੍ਹਾਂ ਕਿਹਾ, ‘ਅਸੀਂ ਜਾਣਦੇ ਹਾਂ ਕਿ ਪ੍ਰਸ਼ਾਂਤ ਕਿਸ਼ੋਰ ਪਿਛਲੇ ਕੁਝ ਸਮੇਂ ਤੋਂ ਭਾਜਪਾ ਲਈ ਕੰਮ ਕਰ ਰਿਹਾ ਹੈ। ਭਾਜਪਾ ਦਾ ਇਕ ਏਜੰਟ ਹਾਲ ਹੀ ਵਿਚ ਮੈਜਿਸਟਰੇਟ ਚੈਕਿੰਗ ਵਿਚ ਫੜਿਆ ਗਿਆ ਹੈ।’ ਲਲਨ ਦੀ ਇਹ ਟਿੱਪਣੀ ਪਾਰਟੀ ਦੇ ਸਾਬਕਾ ਆਗੂ ਆਰਸੀਪੀ ਸਿੰਘ ਵੱਲ ਸੇਧਤ ਸੀ। ਪਾਰਟੀ ਮੁਖੀ ਨੇ ਕਿਹਾ ਕਿ ਭਾਜਪਾ ਬਿਹਾਰ ਵਿਚ ਸਾਜ਼ਿਸ਼ਾਂ ‘ਤੇ ਨਿਰਭਰ ਹੈ, ਪਹਿਲਾਂ ਉਨ੍ਹਾਂ ਆਰਸੀਪੀ ਸਿੰਘ ਨੂੰ ਵਰਤਿਆ ਤੇ ਹੁਣ ਕਿਸ਼ੋਰ ਨੂੰ ਵਰਤ ਰਹੇ ਹਨ। ਜੇਡੀ(ਯੂ) ਆਗੂ ਨੇ ਕਿਹਾ ਕਿ ਉਹ ਚੌਕਸ ਹਨ ਤੇ ਕੋਈ ਚਾਲ ਕਾਮਯਾਬ ਨਹੀਂ ਹੋਣ ਦੇਣਗੇ। ਦੱਸਣਯੋਗ ਹੈ ਕਿ ਕਿਸ਼ੋਰ ਬਿਹਾਰ ਵਿਚ ‘ਜਨ ਸੁਰਾਜ’ ਮੁਹਿੰਮ ਲਾਂਚ ਕਰ ਰਹੇ ਹਨ। ਇਸ ਤਹਿਤ ਉਹ ਅਗਲੇ ਮਹੀਨੇ ਤੋਂ 3500 ਕਿਲੋਮੀਟਰ ਦੀ ‘ਪਦਯਾਤਰਾ’ ਉਤੇ ਨਿਕਲਣਗੇ। -ਪੀਟੀਆਈSource link