ਨਵੀਂ ਦਿੱਲੀ, 18 ਸਤੰਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਅਤੇ ਧਰਮ ਦੇ ਆਧਾਰ ‘ਤੇ ਵੱਖ-ਵੱਖ ਫ਼ਿਰਕਿਆਂ ਵਿੱਚ ਦੁਸ਼ਮਣੀ ਨੂੰ ਉਕਸਾਉਣ ਲਈ ਕਥਿਤ ਤੌਰ ‘ਤੇ ਸਿਖਲਾਈ ਕੈਂਪ ਲਗਾਉਣ ਨਾਲ ਸਬੰਧਤ ਇੱਕ ਮਾਮਲੇ ਵਿੱਚ ਪਾਪੂਲਰ ਫਰੰਟ ਆਫ ਇੰਡੀਆ (ਪੀਐੱਫਆਈ) ਖ਼ਿਲਾਫ਼ ਅੱਜ ਤਿਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿੱਚ 40 ਥਾਵਾਂ ‘ਤੇ ਛਾਪੇ ਮਾਰੇ। ਐੱਨਆਈਏ ਦੇ ਬੁਲਾਰੇ ਨੇ ਦੱਸਿਆ ਕਿ ਤਿਲੰਗਾਨਾ ਵਿੱਚ 38 ਥਾਵਾਂ ਅਤੇ ਆਂਧਰਾ ਪ੍ਰਦੇਸ਼ ਵਿੱਚ ਦੋ ਥਾਵਾਂ ‘ਤੇ ਛਾਪੇ ਮਾਰੇ ਗਏ ਅਤੇ ਇਸ ਦੌਰਾਨ ਚਾਰ ਵਿਅਕਤੀਆਂ ਨੂੰ ਪੁੱਛਗਿਛ ਲਈ ਹਿਰਾਸਤ ਵਿੱਚ ਲਿਆ ਗਿਆ। ਅਧਿਕਾਰੀ ਨੇ ਕਿਹਾ ਕਿ ਦੱਸਿਆ ਇਸ ਕਾਰਵਾਈ ਦੌਰਾਨ ਡਿਜੀਟਲ ਉਪਕਰਨ, ਦਸਤਾਵੇਜ਼, ਦੋ ਖੰਜਰ ਅਤੇ 8.31 ਲੱਖ ਰੁਪਏ ਤੋਂ ਵੱਧ ਦੀ ਨਕਦੀ ਸਣੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਸ਼ੁਰੂਆਤੀ ਕੇਸ 4 ਜੁਲਾਈ ਨੂੰ ਤਿਲੰਗਾਨਾ ਦੇ ਨਿਜ਼ਾਮਾਬਾਦ ਥਾਣੇ ਵਿੱਚ ਦਰਜ ਕੀਤਾ ਗਿਆ ਸੀ ਅਤੇ ਸੂਬਾ ਪੁਲੀਸ ਨੇ ਜਾਂਚ ਮਗਰੋਂ ਚਾਰ ਮੁਲਜ਼ਮਾਂ ਅਬਦੁਲ ਕਾਦਰ, ਸ਼ੇਖ਼ ਸਾਹਦੁੱਲਾ, ਮੁਹੰਮਦ ਇਮਰਾਨ ਅਤੇ ਮੁਹੰਮਦ ਅਬਦੁੱਲ ਮੋਬਿਨ ਨੂੰ ਗ੍ਰਿਫ਼ਤਾਰ ਕੀਤਾ ਸੀ। ਬਾਅਦ ਵਿੱਚ ਐੱਨਆਈਏ ਵੱਲੋਂ 26 ਅਗਸਤ ਨੂੰ ਮੁੜ ਕੇਸ ਦਰਜ ਕੀਤਾ ਗਿਆ ਸੀ ਅਤੇ ਇਸ ਜਾਂਚ ਦੇ ਸਿਲਸਿਲੇ ਵਿੱਚ ਇਹ ਛਾਪੇ ਮਾਰੇ ਗਏ। -ਪੀਟੀਆਈ