ਜੋਗਿੰਦਰ ਸਿੰਘ ਮਾਨ
ਮਾਨਸਾ, 19 ਸਤੰਬਰ
ਰਾਜਸਥਾਨ ਵਿੱਚ ਨਿਗੌਰ ਅਦਾਲਤ ਦੇ ਬਾਹਰ ਅੱਜ ਦਿਨ ਦਿਹਾੜੇ ਗੈਂਗਸਟਰ ਸੰਦੀਪ ਬਿਸ਼ਨੋਈ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਤੋਂ ਬਾਅਦ ਪੰਜਾਬ ਪੁਲੀਸ ਲਾਰੈਂਸ ਬਿਸ਼ਨੋਈ ਸਮੇਤ ਜੱਗੂ ਭਗਵਾਨਪੁਰੀਆ ਅਤੇ ਇਨ੍ਹਾਂ ਦੇ ਗੈਂਗ ਨਾਲ ਜੁੜੇ ਹੋਏ ਗੈਂਗਸਟਰਾਂ ਦੀ ਸੁਰੱਖਿਆ ਲਈ ਹੋਰ ਗੰਭੀਰ ਹੋ ਗਈ ਹੈ। ਲਾਰੈਂਸ ਬਿਸ਼ਨੋਈ ਦੇ ਵਿਰੋਧੀ ਗੈਂਗਸਟਰ ਬੰਬੀਹਾ ਗਰੁੱਪ ਵੱਲੋਂ ਪਹਿਲਾਂ ਹੀ ਸਿੱਧੂ ਮੂਸੇਵਾਲਾ ਦਾ ਬਦਲਾ ਲੈਣ ਲਈ ਸ਼ੋਸਲ ਮੀਡੀਆ ‘ਤੇ ਧਮਕੀਆਂ ਦਿੱਤੀਆਂ ਹੋਈਆਂ ਹਨ ਅਤੇ ਇਨ੍ਹਾਂ ਉਪਰ ਹਮਲਾ ਅਦਾਲਤਾਂ ਵਿੱਚ ਪੇਸ਼ੀ ਭੁਗਤਣ ਸਮੇਂ ਕੀਤੇ ਜਾਣ ਦੀ ਬਕਾਇਦਾ ਚਿਤਾਵਨੀ ਦਿੱਤੀ ਹੋਈ ਹੈ। ਮਾਨਸਾ ਪੁਲੀਸ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਲਈ ਫੜੇ ਗਏ ਦੀਪਕ ਮੁੰਡੀ ਸਮੇਤ ਅੰਕਿਤ ਸੇਰਸਾ ਅਤੇ ਪ੍ਰਿਆਵਰਤ ਫੌਜੀ ਪਹਿਲਾਂ ਹੀ ਰਾਜਸਥਾਨ ਵਿਚਲੀਆਂ ਕਈ ਵਾਰਦਾਤਾਂ ਨਾਲ ਸਬੰਧਤ ਹਨ। ਦੀਪਕ ਮੁੰਡੀ ਵੱਲੋਂ ਹਾਲ ਵਿੱਚ ਹੀ ਮਾਨਸਾ ਪੁਲੀਸ ਕੋਲ ਰਾਜਸਥਾਨ ਤੋਂ ਹਥਿਆਰ ਤੇ ਪੈਸੇ-ਟਕੇ ਸਮੇਤ ਹੋਰ ਸਹਾਇਤਾ ਆਉਣ ਦੀ ਜੋ ਗੱਲ ਕਹੀ ਗਈ ਹੈ, ਉਸ ਸਬੰਧੀ ਮਾਨਸਾ ਪੁਲੀਸ ਦੀਆਂ ਟੀਮ ਪਹਿਲਾਂ ਹੀ ਰਾਜਸਥਾਨ ਜਾ ਚੁੱਕੀ ਹੈ। ਸਿੱਧੂ ਮੂਸੇਵਾਲਾ ਦੇ ਕਤਲ ਲਈ ਬੋਲੇਰੋ ਗੱਡੀ ਦੇਣ ਵਾਲੇ ਅਰਸ਼ਦ ਖਾਨ ਨੂੰ ਪੁਲੀਸ ਰਾਜਸਥਾਨ ‘ਚੋਂ ਲਿਆ ਚੁੱਕੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਕਿਸੇ ਵੱਲੋਂ ਲਾਰੈਂਸ ਦਾ ਨਾਂ ਵਰਤ ਕੇ, ਜੋ ਈ-ਮੇਲ ‘ਤੇ ਧਮਕੀ ਦਿੱਤੀ ਗਈ ਸੀ, ਉਸ ਲਈ ਜ਼ਿੰਮੇਵਾਰ ਵਿਅਕਤੀ ਮਹੀਪਾਲ ਵਾਸੀ ਕਾਕੇਲਵ ਫਿਟਕਾਸੀ, ਜ਼ਿਲ੍ਹਾ ਜੋਧਪੁਰ (ਰਾਜਸਥਾਨ) ਨੂੰ ਵੀ ਦੋ ਮੋਬਾਈਲਾਂ ਸਣੇ ਮਾਨਸਾ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਮਾਨਸਾ ਪੁਲੀਸ ਨੇ ਬੰਬੀਹਾ ਗੈਂਗ ਦੁਆਰਾ ਫੇਸ ਬੁੱਕ ‘ਤੇ ਪਾਈ ਗਈ ਉਸ ਪੋਸਟ ਨੂੰ ਵੀ ਗੰਭੀਰਤਾ ਨਾਲ ਲਿਆ ਸੀ, ਜਿਸ ਵਿੱਚ ਬੰਬੀਹਾ ਗੈਂਗ ਨੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਤੇ ਉਨ੍ਹਾਂ ਦੇ ਗੈਂਗ ਉਪਰ ਅਦਾਲਤ ਵਿੱਚ ਪੇਸ਼ੀ ਦੌਰਾਨ ਹਮਲਾ ਕਰਨ ਦੀ ਚਿਤਾਵਨੀ ਦਿੱਤੀ ਸੀ। ਨਿਗੌਰ ਵਿੱਚ ਅੱਜ ਵਾਪਰੀ ਘਟਨਾ ਨੂੰ ਇਸੇ ਧਮਕੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਬੰਬੀਹਾ ਗੈਂਗ ਵੱਲੋਂ ਦਿੱਤੀ ਗਈ ਇਸ ਧਮਕੀ ਤੋਂ ਬਾਅਦ ਤੋਂ ਹੀ ਮਾਨਸਾ ਪੁਲੀਸ ਦੀਪਕ ਮੁੰਡੀ, ਕਪਿਲ ਪੰਡਿਤ, ਰਾਜਿੰਦਰ ਜੋਕਰ ਤੇ ਹਾਲ ਵਿੱਚ ਹੀ ਫੜ੍ਹੇ ਮਨਪ੍ਰੀਤ ਉਰਫ਼ ਮਨੀ ਰਈਆ, ਮਨਦੀਪ ਉਰਫ਼ ਤੂਫਾਨ ਨੂੰ ਮਾਨਸਾ ਦੇ ਸੀਆਈਏ ‘ਚ ਰੱਖਣ ਦੀ ਥਾਂ ਸਖ਼ਤ ਸੁਰੱਖਿਆ ਵਾਲੇ ਰਾਜਪੁਰਾ ਸੀਆਈਏ ਥਾਣੇ ਵਿੱਚ ਰੱਖ ਕੇ ਪੁੱਛ-ਪੜਤਾਲ ਕਰ ਰਹੀ ਹੈ। ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਨਿਗੌਰ ਅਦਾਲਤ ਦੇ ਬਾਹਰ ਹੋਏ ਕਤਲ ਮਗਰੋਂ ਪੁਲੀਸ ਵੱਲੋਂ ਹੋਰ ਮੁਸਤੈਦੀ ਵਧਾ ਦਿੱਤੀ ਗਈ ਹੈੈ।