ਮਿਆਂਮਾਰ ਵਿੱਚ ‘ਗ਼ੈਰਕਾਨੂੰਨੀ ਬੰਧਕ’ ਬਣਾਏ ਭਾਰਤੀਆਂ ਨੂੰ ਛੁਡਾਉਣ ਦੀ ਕੇਂਦਰ ਦਖਲ ਦੇਵੇ: ਸਟਾਲਿਨ

ਮਿਆਂਮਾਰ ਵਿੱਚ ‘ਗ਼ੈਰਕਾਨੂੰਨੀ ਬੰਧਕ’ ਬਣਾਏ ਭਾਰਤੀਆਂ ਨੂੰ ਛੁਡਾਉਣ ਦੀ ਕੇਂਦਰ ਦਖਲ ਦੇਵੇ: ਸਟਾਲਿਨ


ਚੇਨੱਈ, 21 ਸਤੰਬਰ

ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਆਂਮਾਰ ਵਿੱੱਚ ‘ਗ਼ੈਰਕਾਨੂੰਨੀ ਬੰਧਕ’ ਬਣਾਏ ਭਾਰਤੀ ਲੋਕਾਂ ਨੂੰ ਛੁਡਵਾਉਣ ਤੇ ਉਨ੍ਹਾਂ ਦੀ ਵਤਨ ਵਾਪਸੀ ਲਈ ਦਖ਼ਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ (ਬੰਧਕਾਂ) ਨੂੰ ਉੱਥੇ ਜਬਰੀ ਗ਼ੈਰਕਾਨੂੰਨੀ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸਟਾਲਿਨ ਨੇ ਸ੍ਰੀ ਮੋਦੀ ਨੂੰ ਪੱਤਰ ਵਿੱਚ ਲਿਖਿਆ ਕਿ ਸੂਬਾ ਸਰਕਾਰ ਨੂੰ ਸੂਚਨਾ ਮਿਲੀ ਹੈ ਕਿ 50 ਤਾਮਿਲਾਂ ਸਣੇ 300 ਭਾਰਤੀ ਮਿਆਂਮਾਰ ਵਿੱਚ ਫਸੇ ਹੋਏ ਹਨ ਤੇ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ, ”ਇਹ ਪਤਾ ਲੱਗਾ ਹੈ ਕਿ ਅਸਲ ਵਿੱਚ ਪ੍ਰਾਈਵੇਟ ਏਜੰਸੀਆਂ ਰਾਹੀਂ ਉਹ ਆਈਟੀ ਨਾਲ ਸਬੰਧਤ ਨੌਕਰੀਆਂ ਲਈ ਥਾਈਲੈਂਡ ਗਏ ਸਨ। ਹੁਣ ਇਹ ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਗ਼ੈਰਕਾਨੂੰਨੀ ਆਨਲਾਈਨ ਨੌਕਰੀਆਂ ਲਈ ਥਾਈਲੈਂਡ ਤੋਂ ਜਬਰੀ ਮਿਆਂਮਾਰ ਲਿਆਂਦਾ ਗਿਆ ਹੈ। ਹੋਰ ਰਿਪੋਰਟਾਂ ਮਿਲ ਰਹੀਆਂ ਹਨ ਕਿ ਅਜਿਹਾ ਕਰਨ ਤੋਂ ਇਨਕਾਰ ਕਰਨ ‘ਤੇ ਉਨ੍ਹਾਂ ਦੇ ਮਾਲਕਾਂ ਵੱਲੋਂ ਉਨ੍ਹਾਂ ‘ਤੇ ਤਸ਼ੱਦਦ ਕੀਤਾ ਜਾ ਰਿਹਾ ਹੈ।” ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਜਿਹੇ 17 ਤਾਮਿਲ ਲੋਕਾਂ ਦੇ ਸੰਪਰਕ ਵਿੱਚ ਹੈ ਜੋ ਆਪਣੇ ਬਚਾਅ ਲਈ ਸਰਕਾਰ ਦੀ ਮਦਦ ਉਡੀਕ ਰਹੇ ਹਨ। ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਨੂੰ ਵੀ ਉਕਤ ਲੋਕਾਂ ਦੀ ਮਦਦ ਦੀ ਅਪੀਲ ਕੀਤੀ।Source link