ਅਹਿਮਦਾਬਾਦ, 25 ਸਤੰਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇੱਥੇ ਕਿਹਾ ਕਿ ਜੇਕਰ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਸੱਤਾ ‘ਚ ਆਉਂਦੀ ਹੈ ਤਾਂ ਸੂਬੇ ਦਾ ਹਰ ਬੱਚਾ ਖੁਸ਼ਹਾਲ ਹੋਵੇਗਾ। ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਹਿਮਦਾਬਾਦ ‘ਚ ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਕੇਜਰੀਵਾਲ ਨੇ ਗੁਜਰਾਤ ਦੀ ਭਾਜਪਾ ਸਰਕਾਰ ਤੇ ਵਿਰੋਧੀ ਧਿਰ ਕਾਂਗਰਸ ਨੂੰ ਨਿਸ਼ਾਨੇ ‘ਤੇ ਰੱਖਿਆ। ਗੁਜਰਾਤ ਵਿੱਚ ਇਸ ਸਾਲ ਦਸੰਬਰ ਮਹੀਨੇ ਚੋਣਾਂ ਹੋਣੀਆਂ ਹਨ।
‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ, ‘ਗੁਜਰਾਤ ਦੇ ਇੱਕ ਵੱਟਸਐੱਪ ਗਰੁੱਪ ‘ਚ ਮੈਂ ਇੱਕ ਬਹੁਤ ਵਧੀਆ ਸੁਨੇਹਾ ਸਾਂਝਾ ਹੁੰਦਾ ਦੇਖਿਆ ਹੈ। ਇਸ ‘ਚ ਕਿਹਾ ਗਿਆ ਹੈ ਕਿ ਜੇ ਤੁਸੀਂ ਕਾਂਗਰਸ ਨੂੰ ਵੋਟ ਦਿੱਤੀ ਤਾਂ ਸੋਨੀਆ ਗਾਂਧੀ ਦਾ ਪੁੱਤਰ ਖੁਸ਼ਹਾਲ ਹੋਵੇਗਾ। ਜੇ ਤੁਸੀਂ ਭਾਜਪਾ ਨੂੰ ਵੋਟ ਦਿੱਤੀ ਤਾਂ ਅਮਿਤ ਸ਼ਾਹ ਦਾ ਪੁੱਤਰ ਖੁਸ਼ਹਾਲ ਹੋਵੇਗਾ ਅਤੇ ਜੇ ਤੁਸੀਂ ‘ਆਪ’ ਨੂੰ ਵੋਟ ਪਾਈ ਤਾਂ ਗੁਜਰਾਤ ਦਾ ਹਰ ਬੱਚਾ ਖੁਸ਼ਹਾਲ ਹੋਵੇਗਾ।’ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ‘ਆਪ’ ਦੀਆਂ ਸਰਕਾਰਾਂ ਨੇ ਹੁਣ ਤੱਕ ਦਿੱਲੀ ‘ਚ 12 ਲੱਖ ਤੇ ਪੰਜਾਬ ‘ਚ ਛੇ ਮਹੀਨਿਆਂ ਤੋਂ ਵੀ ਘੱਟ ਸਮੇਂ ਅੰਦਰ 20 ਹਜ਼ਾਰ ਨੌਕਰੀਆਂ ਮੁਹੱਈਆ ਕੀਤੀਆਂ ਹਨ ਉਸੇ ਤਰ੍ਹਾਂ ਪਾਰਟੀ ਗੁਜਰਾਤ ਵਿੱਚ ਸੱਤਾ ‘ਚ ਆਉਣ ‘ਤੇ 10 ਲੱਖ ਨੌਕਰੀਆਂ ਮੁਹੱਈਆ ਕਰੇਗੀ। ਉਨ੍ਹਾਂ ਬੇਰੁਜ਼ਗਾਰਾਂ ਨੂੰ ਹਰ ਮਹੀਨੇ ਤਿੰਨ ਹਜ਼ਾਰ ਰੁਪਏ ਭੱਤਾ ਦੇਣ ਦਾ ਵੀ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਤੇ ਕਾਂਗਰਸ ਦੋਵਾਂ ਪਾਰਟੀਆਂ ਦੇ ਆਗੂਆਂ ਨੇ ਲੋਕਾਂ ਦਾ ਪੈਸਾ ਚੋਰੀ ਕੀਤਾ ਹੈ ਅਤੇ ਜੇਕਰ ਇਨ੍ਹਾਂ ਦੀਆਂ ਜਾਇਦਾਦਾਂ ਵੇਚ ਦਿੱਤੀਆਂ ਜਾਣ ਤਾਂ ਗੁਜਰਾਤ ਦਾ ਸਾਰਾ ਕਰਜ਼ਾ ਭਰਿਆ ਜਾ ਸਕਦਾ ਹੈ।
ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਊਰਜਾ ਗੁਜਰਾਤ ਦੀ ਸਰਕਾਰ ਬਦਲਣ ‘ਚ ਲਾਉਣ। ਉਨ੍ਹਾਂ ਕਿਹਾ ਕਿ ‘ਆਪ’ ਨੇ ਇਹ ਸਾਬਤ ਕੀਤਾ ਹੈ ਕਿ ਧਰਮ, ਜਾਤ ਤੇ ਪੈਸੇ ‘ਤੇ ਆਧਾਰਿਤ ਸਿਆਸਤ ਜ਼ਿਆਦਾ ਦੇਰ ਨਹੀਂ ਚੱਲ ਸਕਦੀ। ਲੋਕ ਸਿਰਫ਼ ਉਸੇ ਨੂੰ ਵੋਟ ਪਾਉਂਦੇ ਹਨ ਜੋ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਤੇ ਇਸ ਦੇ ਆਗੂ ਸਿਰਫ਼ ਬੋਲਣਾ ਜਾਣਦੇ ਹਨ ਅਤੇ ਇਹ ਲੋਕਾਂ ਦੀ ਨਹੀਂ ਸੁਣਦੇ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਦੇ ਆਗੂ ਲੋਕਾਂ ਨੂੰ ‘ਮਨ ਕੀ ਬਾਤ’ ਸੁਣਨ ਦਾ ਸੱਦਾ ਤਾਂ ਦਿੰਦੇ ਹਨ ਪਰ ਖੁਦ ਲੋਕਾਂ ਦੇ ਮਨ ਕੀ ਬਾਤ ਨਹੀਂ ਸੁਣਦੇ। -ਪੀਟੀਆਈ
‘ਮੋਦੀ ਮੋਦੀ’ ਬੋਲਣ ਵਾਲਿਆਂ ਨੂੰ ਦਿੱਤਾ ਰੁਜ਼ਗਾਰ ਦਾ ਭਰੋਸਾ
ਕੇਜਰੀਵਾਲ ਨੇ ਕੁਝ ਸਮਾਂ ਪਹਿਲਾਂ ਆਪਣੇ ਗੁਜਰਾਤ ਦੌਰੇ ਦੌਰਾਨ ਵਡੋਦਰਾ ਹਵਾਈ ਅੱਡੇ ‘ਤੇ ‘ਮੋਦੀ ਮੋਦੀ’ ਦੇ ਨਾਅਰੇ ਮਾਰਨ ਵਾਲੇ ਨੌਜਵਾਨਾਂ ਨੂੰ ਕਿਹਾ, ‘ਮੈਂ ਤੁਹਾਨੂੰ ਇਸ ਮੰਚ ਤੋਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਤੁਹਾਨੂੰ ਕਦੀ ਵੀ ਨਾਅਰਾ ਬਦਲਣ ਲਈ ਨਹੀਂ ਕਹਾਂਗਾ। ਤੁਸੀਂ ਕੋਈ ਵੀ ਨਾਅਰਾ ਮਾਰਨ ਲਈ ਆਜ਼ਾਦ ਹੋ। ਪਰ ਜੇਕਰ ਸਾਡੀ ਸਰਕਾਰ ਬਣੀ ਤਾਂ ਅਸੀਂ ਤੁਹਾਨੂੰ ਵੀ ਰੁਜ਼ਗਾਰ ਤੇ ਬੇਰੁਜ਼ਗਾਰੀ ਭੱਤਾ ਦੇਵਾਂਗੇ। ਜੋ ਨਾਅਰੇ ਮਾਰ ਰਹੇ ਹਨ ਉਹ ਸਾਡੇ ਲੋਕ ਹਨ। ਇਹ ਸਾਰਾ ਦੇਸ਼ ਸਾਡਾ ਹੈ ਤੇ ਗੁਜਰਾਤ ਵੀ ਸਾਡਾ ਹੈ।’