ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਅਕਤੂਬਰ
ਕੇਰਲਾ ਤੋਂ ਮੱਕਾ ਪੈਦਲ ਹੱਜ ਯਾਤਰਾ ‘ਤੇ ਜਾ ਰਹੇ ਸ਼ਿਹਾਬ ਚਿਤੂਰ ਨੂੰ ਪਾਕਿਸਤਾਨ ਸਰਕਾਰ ਵੱਲੋਂ ਆਪਣੇ ਦੇਸ਼ ਵਿਚੋਂ ਲੰਘਣ ਲਈ ਇਜਾਜ਼ਤ ਦੇਣ ਤੋਂ ਇਨਕਾਰ ਕਰਨ ‘ਤੇ ਭਾਰਤੀ ਮੁਸਲਿਮ ਭਾਈਚਾਰੇ ਵਿੱਚ ਪਾਕਿਸਤਾਨ ਸਰਕਾਰ ਦੀ ਨੀਤੀ ਪ੍ਰਤੀ ਰੋਸ ਹੈ।
ਮਜਲਿਸ ਅਹਿਰਾਰ ਇਸਲਾਮ ਦੇ ਮੁੱਖ ਦਫ਼ਤਰ ‘ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਹੈ ਕਿ ਸ਼ਿਹਾਬ ਚਿਤੂਰ ਲਗਭਗ ਤਿੰਨ ਹਜ਼ਾਰ ਕਿਲੋਮੀਟਰ ਦੀ ਪੈਦਲ ਯਾਤਰਾ ਕਰਕੇ ਵਾਹਗਾ ਬਾਰਡਰ ਨੇੜੇ ਪੁੱਜ ਚੁੱਕਾ ਹੈ ਪਰ ਪਾਕਿਸਤਾਨ ਸਰਕਾਰ ਨੇ ਹੁਣ ਵੀਜ਼ਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਜਦਕਿ ਪਾਕਿਸਤਾਨ ਦੇ ਦਿੱਲੀ ‘ਚ ਦੂਤਾਵਾਸ ਨੇ ਸ਼ਿਹਾਬ ਚਿਤੂਰ ਨੂੰ ਭਰੋਸਾ ਦਿੱਤਾ ਸੀ ਕਿ ਪੈਦਲ ਹੱਜ ਯਾਤਰਾ ਸ਼ੁਰੂ ਕਰਨ ਤੋਂ ਬਾਅਦ ਭਾਰਤ-ਪਾਕਿਸਤਾਨ ਸਰਹੱਦ ਪੁੱਜਣ ਮੌਕੇ ਪਾਕਿਸਤਾਨ ਦਾ ਵੀਜ਼ਾ ਦੇ ਦਿੱਤਾ ਜਾਵੇਗਾ। ਪਾਕਿਸਤਾਨ ਦੂਤਾਵਾਸ ਨੇ ਇਹ ਤਰਕ ਦਿੱਤਾ ਸੀ ਕਿ ਪਹਿਲਾਂ ਵੀਜ਼ਾ ਦੇਣ ਨਾਲ ਉਸ ਦਾ ਸਮਾਂ ਸਮਾਪਤ ਹੋ ਜਾਵੇਗਾ, ਇਸ ਲਈ ਸਰਹੱਦ ‘ਤੇ ਪਹੁੰਚਦੇ ਹੀ ਸ਼ਿਹਾਬ ਨੂੰ ਪਾਕਿਸਤਾਨ ਦਾ ਵੀਜ਼ਾ ਦੇ ਦਿੱਤਾ ਜਾਵੇਗਾ।
ਸ਼ਾਹੀ ਇਮਾਮ ਨੇ ਕਿਹਾ ਕਿ ਜੇਕਰ ਪਾਕਿਸਤਾਨ ਨੇ ਹੱਜ ਯਾਤਰੀ ਦਾ ਰਸਤਾ ਰੋਕਿਆ ਤਾਂ ਚੀਨ ਅਤੇ ਕਜਾਖ਼ਿਸਤਾਨ ਰਸਤੇ ਸਫ਼ਰ ਜਾਰੀ ਰੱਖਿਆ ਜਾਏਗਾ। ਸ਼ਾਹੀ ਇਮਾਮ ਨੇ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪਾਕਿਸਤਾਨ ਦੇ ਬਜਾਏ ਚੀਨ ਦੇ ਰਸਤੇ ਮੱਕਾ ਸ਼ਰੀਫ ਜਾਣ ਲਈ ਭਾਰਤ ਸਰਕਾਰ ਵਲੋਂ ਸ਼ਿਹਾਬ ਦੀ ਮਦਦ ਕੀਤੀ ਜਾਵੇ। ਸ਼ਾਹੀ ਇਮਾਮ ਨੇ ਕਿਹਾ ਕਿ ਉਹ ਸ਼ਿਹਾਬ ਨੂੰ ਮਿਲਣ ਲਈ ਭਲਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਗੇ।