ਹੈਦਰਾਬਾਦ, 23 ਅਕਤੂਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਤੇ ਆਰਐੱਸਐੱਸ ਦੇਸ਼ ਵਿਚ ਨਫ਼ਰਤ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਭਾਰਤ ਜੋੜੋ ਯਾਤਰਾ’ ਦਾ ਮੰਤਵ ਸਦਭਾਵਨਾ ਤੇ ਭਾਈਚਾਰੇ ਨੂੰ ਹੁਲਾਰਾ ਦੇਣਾ ਹੈ। ਉਨ੍ਹਾਂ ਕਿਹਾ ਕਿ ਇਸ ਪੈਦਲ ਮਾਰਚ ਦੌਰਾਨ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮੁੱਦਿਆਂ ਨੂੰ ਵੀ ਉਭਾਰਿਆ ਜਾਵੇਗਾ। ਯਾਤਰਾ ਅੱਜ ਕਰਨਾਟਕ ਤੋਂ ਤਿਲੰਗਾਨਾ ਵਿਚ ਦਾਖਲ ਹੋ ਗਈ ਹੈ। ਰਾਹੁਲ ਨੇ ਕਿਹਾ ਕਿ ਇਹ ਯਾਤਰਾ ਭਾਜਪਾ-ਆਰਐੱਸਐੱਸ ਦੀ ਵਿਚਾਰਧਾਰਾ ਤੇ ਨਫ਼ਰਤ ਅਤੇ ਹਿੰਸਾ ਦੀ ਰਾਜਨੀਤੀ ਖ਼ਿਲਾਫ਼ ਕੱਢੀ ਜਾ ਰਹੀ ਹੈ। ਕਾਂਗਰਸ ਆਗੂ ਨੇ ਦੋਸ਼ ਲਾਇਆ ਕਿ ਅਜੋਕੇ ਸਮੇਂ ‘ਦੋ ਤਰ੍ਹਾਂ ਦੇ ਭਾਰਤ’ ਬਣ ਗਏ ਹਨ- ਇਕ ਉਹ ਜੋ ਗਿਣੇ-ਚੁਣੇ ਅਮੀਰਾਂ ਦਾ ਹੈ, ਤੇ ਦੂਜਾ ਉਹ ਜੋ ਲੱਖਾਂ ਨੌਜਵਾਨਾਂ, ਕਿਸਾਨਾਂ, ਵਰਕਰਾਂ ਤੇ ਛੋਟੇ ਕਾਰੋਬਾਰੀਆਂ ਦਾ ਹੈ। ਉਨ੍ਹਾਂ ਕਿਹਾ, ‘ਸਾਨੂੰ ਦੋ ਭਾਰਤ ਨਹੀਂ ਚਾਹੀਦੇ। ਸਾਨੂੰ ਸਿਰਫ਼ ਇਕ ਭਾਰਤ ਚਾਹੀਦਾ ਹੈ ਤੇ ਸਾਰਿਆਂ ਨੂੰ ਇਸ ਵਿਚ ਨਿਆਂ, ਰੁਜ਼ਗਾਰ ਮਿਲਣਾ ਚਾਹੀਦਾ ਹੈ। ਮੁਲਕ ਵਿਚ ਭਾਈਚਾਰਾ ਹੋਣਾ ਚਾਹੀਦਾ ਹੈ।’ ਇਸ ਤੋਂ ਪਹਿਲਾਂ ਤਿਲੰਗਾਨਾ-ਕਰਨਾਟਕ ਸਰਹੱਦ ‘ਤੇ ਤਿਲੰਗਾਨਾ ਕਾਂਗਰਸ ਵੱਲੋਂ ਰਾਹੁਲ ਗਾਂਧੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਕਾਂਗਰਸ ਸੰਸਦ ਮੈਂਬਰ ਤੇ ਪਾਰਟੀ ਦੇ ਸੂਬਾ ਇੰਚਾਰਜ ਮਣੀਕਮ ਟੈਗੋਰ ਹਾਜ਼ਰ ਸਨ। ਯਾਤਰਾ ਕ੍ਰਿਸ਼ਨਾ ਨਦੀ ਦੇ ਇਕ ਪੁਲ ਨੂੰ ਪਾਰ ਕਰ ਕੇ ਤਿਲੰਗਾਨਾ ਦੇ ਨਰਾਇਣਪੇਟ ਜ਼ਿਲ੍ਹੇ ਵਿਚ ਦਾਖਲ ਹੋਈ। ਇਸ ਮੌਕੇ ਵੱਡੀ ਗਿਣਤੀ ਵਰਕਰ ਵੀ ਹਾਜ਼ਰ ਸਨ। ਯਾਤਰਾ ਹੁਣ ਦੀਵਾਲੀ ਦੇ ਮੱਦੇਨਜ਼ਰ ਤਿੰਨ ਦਿਨ ਲਈ ਰੁਕੇਗੀ। 27 ਅਕਤੂਬਰ ਨੂੰ ਇਹ ਮੁੜ ਸ਼ੁਰੂ ਹੋਵੇਗੀ। -ਪੀਟੀਆਈ
‘ਭਾਰਤ ਜੋੜੋ ਯਾਤਰਾ’ ਵਿਚ ਸ਼ਾਮਲ ਹੋਣਗੇ ਪਵਾਰ
ਬਾਰਾਮਤੀ: ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਉਹ ਮਹਾਰਾਸ਼ਟਰ ਵਿਚ ਦਾਖਲ ਹੋਣ ‘ਤੇ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਵਿਚ ਸ਼ਾਮਲ ਹੋਣਗੇ। ਪਵਾਰ ਨੇ ਕਿਹਾ ਕਿ ਇਸ ਯਾਤਰਾ ਰਾਹੀਂ ਸਮਾਜ ‘ਚ ਸਦਭਾਵਨਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹ ਇਸ ਦਾ ਹਿੱਸਾ ਬਣਨਗੇ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਪਵਾਰ ਨੇ ਕਿਹਾ ਕਿ ਸੂਬੇ ਦੇ ਕਾਂਗਰਸ ਆਗੂਆਂ ਅਸ਼ੋਕ ਚਵਾਨ ਤੇ ਬਾਲਾਸਾਹੇਬ ਥੋਰਾਟ ਨੇ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਯਾਤਰਾ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਯਾਤਰਾ ਸੱਤ ਨਵੰਬਰ ਨੂੰ ਸੂਬੇ ਵਿਚ ਦਾਖਲ ਹੋਵੇਗੀ। -ਪੀਟੀਆਈ