ਕੇਂਦਰ ਵੱਲੋਂ ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠਲੇ ਦੋ ਐੱਨਜੀਓਜ਼ ਦੇ ਲਾਇਸੈਂਸ ਰੱਦ

ਕੇਂਦਰ ਵੱਲੋਂ ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠਲੇ ਦੋ ਐੱਨਜੀਓਜ਼ ਦੇ ਲਾਇਸੈਂਸ ਰੱਦ


ਨਵੀਂ ਦਿੱਲੀ, 23 ਅਕਤੂਬਰ

ਕੇਂਦਰ ਸਰਕਾਰ ਨੇ ਕਾਂਗਰਸ ਆਗੂ ਸੋਨੀਆ ਗਾਂਧੀ ਦੀ ਅਗਵਾਈ ਹੇਠਲੇ ਦੋ ਗ਼ੈਰ ਸਰਕਾਰੀ ਸੰਗਠਨਾਂ (ਐੱਨਜੀਓਜ਼) ਰਾਜੀਵ ਗਾਂਧੀ ਫਾਊਂਡੇਸ਼ਨ (ਆਰਜੀਐੱਫ) ਅਤੇ ਰਾਜੀਵ ਗਾਂਧੀ ਚੈਰੀਟੇਬਲ ਟਰੱਸਟ (ਆਰਜੀਸੀਟੀ) ਦੇ ਵਿਦੇਸ਼ੀ ਚੰਦਾ ਰੈਗੂਲੇਸ਼ਨ ਐਕਟ (ਐੱਫਸੀਆਰਏ) ਲਾਇਸੈਂਸ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਰੱਦ ਕਰ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਵੱਲੋਂ 2020 ‘ਚ ਗਠਿਤ ਇੱਕ ਅੰਤਰ-ਮੰਤਰਾਲਾ ਕਮੇਟੀ ਦੀ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।

ਇੱਕ ਅਧਿਕਾਰੀ ਨੇ ਕਿਹਾ, ‘ਰਾਜੀਵ ਗਾਂਧੀ ਫਾਊਂਡੇਸ਼ਨ ਅਤੇ ਰਾਜੀਵ ਗਾਂਧੀ ਚੈਰੀਟੇਬਲ ਟਰੱਸਟ ਖ਼ਿਲਾਫ਼ ਜਾਂਚ ਤੋਂ ਬਾਅਦ ਉਨ੍ਹਾਂ ਦਾ ਐੱਫਸੀਆਰਏ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ।’ ਜਾਂਚ ਟੀਮ ਨੇ ਚੀਨ ਸਮੇਤ ਵਿਦੇਸ਼ਾਂ ਤੋਂ ਫੰਡ ਪ੍ਰਾਪਤ ਕਰਦੇ ਸਮੇਂ ਮਨੀ ਲਾਂਡਰਿੰਗ, ਫੰਡਾਂ ਦੀ ਦੁਰਵਰਤੋਂ ਤੇ ਆਮਦਨ ਕਰ ਰਿਟਰਨ ਦਾਖਲ ਕਰਦੇ ਸਮੇਂ ਦਸਤਾਵੇਜ਼ਾਂ ‘ਚ ਹੇਰਾਫੇਰੀ ਦੇ ਦੋਸ਼ਾਂ ਦੀ ਜਾਂਚ ਕੀਤੀ ਹੈ। ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਆਰਜੀਐੱਫ ਤੇ ਆਰਜੀਸੀਟੀ ਦੀ ਪ੍ਰਧਾਨ ਹਨ। ਆਰਜੀਐੱਫ ਦੇ ਹੋਰਨਾਂ ਟਰੱਸਟੀਆਂ ‘ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ, ਕਾਂਗਰਸ ਆਗੂ ਤੇ ਸੰਸਦ ਮੈਂਬਰ ਰਾਹੁਲ ਗਾਂਧੀ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਮੌਂਟੇਕ ਸਿੰਘ ਆਹਲੂਵਾਲੀਆ, ਸੁਮਨ ਦੂਬੇ ਤੇ ਅਸ਼ੋਕ ਗਾਂਗੁਲੀ ਸ਼ਾਮਲ ਹਨ। ਆਰਜੀਸੀਟੀ ਦੇ ਟਰੱਸਟੀਆਂ ‘ਚ ਰਾਹੁਲ ਗਾਂਧੀ, ਅਸ਼ੋਕ ਗਾਂਗੁਲੀ, ਬੰਸੀ ਮਹਿਤਾ ਤੇ ਦੀਪ ਜੋਸ਼ੀ ਸ਼ਾਮਲ ਹਨ। ਆਰਜੀਐੱਫ ਦੀ ਸਥਾਪਨਾ 1991 ਤੇ ਆਰਜੀਸੀਟੀ ਦੀ ਸਥਾਪਨਾ 2002 ‘ਚ ਹੋਈ ਸੀ। ਦੋਵਾਂ ਸੰਗਠਨਾਂ ਦਾ ਦਫ਼ਤਰ ਨਵੀਂ ਦਿੱਲੀ ‘ਚ ਸੰਸਦ ਕੰਪਲੈਕਸ ਨੇੜੇ ਰਾਜੇਂਦਰ ਪ੍ਰਸਾਦ ਰੋਡ ਨੇੜੇ ਜਵਾਹਰ ਭਵਨ ‘ਚ ਹੈ। ਗ੍ਰਹਿ ਮੰਤਰਾਲੇ ਨੇ ਜੁਲਾਈ 2020 ‘ਚ ਇੱਕ ਅੰਤਰ-ਮੰਤਰਾਲਾ ਕਮੇਟੀ ਬਣਾਈ ਸੀ, ਜਿਸ ਮਗਰੋਂ ਇਹ ਐੱਨਜੀਓ ਜਾਂਚ ਦੇ ਘੇਰੇ ‘ਚ ਆਏ ਸਨ। ਇਨ੍ਹਾਂ ਤੋਂ ਇਲਾਵਾ ‘ਇੰਦਰਾ ਗਾਂਧੀ ਮੈਮੋਰੀਅਲ ਟਰੱਸਟ’ ਵੀ ਜਾਂਚ ਦੇ ਘੇਰੇ ‘ਚ ਆਇਆ ਸੀ ਪਰ ਅਜੇ ਤੱਕ ਤੀਜੇ ਸੰਗਠਨ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। -ਪੀਟੀਆਈ

ਗਾਂਧੀ ਪਰਿਵਾਰ ਕਾਨੂੰਨ ਤੋਂ ਉੱਪਰ ਨਹੀਂ: ਭਾਜਪਾ

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਨੇ ਅੱਜ ਸੋਨੀਆ ਗਾਂਧੀ ਦੀ ਅਗਵਾਈ ਹੇਠਲੇ ਦੋ ਐੱਨਜੀਓਜ਼ ਦੇ ਐੱਫਸੀਆਰਏ ਲਾਇਸੈਂਸ ਰੱਦ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਗਾਂਧੀ ਪਰਿਵਾਰ ਤੇ ਇਸ ਨਾਲ ਸਬੰਧਤ ਸੰਸਥਾਵਾਂ ਕਾਨੂੰਨ ਤੋਂ ਉੱਪਰ ਨਹੀਂ ਹੋ ਸਕਦੀਆਂ। ਭਾਜਪਾ ਆਗੂ ਸੰਬਿਤ ਪਾਤਰਾ ਨੇ ਦਾਅਵਾ ਕੀਤਾ ਕਿ ਗ੍ਰਹਿ ਮੰਤਰਾਲੇ ਵੱਲੋਂ ਆਰਜੀਐੱਫ ਤੇ ਆਰਜੀਸੀਟੀ ਦੇ ਐੱਫਸੀਆਰਏ ਲਾਇਸੈਂਸ ਰੱਦ ਕਰਨ ਨਾਲ ਕਾਂਗਰਸ ਵੱਲੋਂ ਕੀਤਾ ਭ੍ਰਿਸ਼ਟਾਚਾਰ ਸਾਹਮਣੇ ਆ ਗਿਆ ਹੈ। -ਪੀਟੀਆਈ

ਮੁੱਖ ਮੁੱਦਿਆਂ ਤੋਂ ਧਿਆਨ ਭਟਕਾ ਰਿਹੈ ਕੇਂਦਰ: ਕਾਂਗਰਸ

ਨਵੀਂ ਦਿੱਲੀ: ਆਰਜੀਐੱਫ ਤੇ ਆਰਜੀਸੀਟੀ ਖ਼ਿਲਾਫ਼ ਕਾਰਵਾਈ ਮਗਰੋਂ ਕਾਂਗਰਸ ਨੇ ਅੱਜ ਕੇਂਦਰ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਦੋਸ਼ ਲਾਇਆ ਕਿ ਇਸ ਕਾਰਵਾਈ ਦਾ ਮਕਸਦ ਦੇਸ਼ ਨੂੰ ਦਰਪੇਸ਼ ਮੁੱਖ ਮਸਲਿਆਂ ਤੋਂ ਧਿਆਨ ਭਟਾਉਣਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘ਉਹ (ਕੇਂਦਰ) ਆਰਜੀਐੱਫ ਤੇ ਆਜੀਸੀਟੀ ਖ਼ਿਲਾਫ਼ ਪੁਰਾਣੇ ਦੋਸ਼ ਦੁਹਰਾ ਰਹੇ ਹਨ। ਇਹ ਕਾਂਗਰਸ ਨੂੰ ਬਦਨਾਮ ਕਰਨ ਅਤੇ ਉਨ੍ਹਾਂ (ਕੇਂਦਰ) ਸਾਹਮਣੇ ਰੋਜ਼ਾਨਾ ਖੜ੍ਹੇ ਹੋ ਰਹੇ ਮਸਲਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ।’ ਉਨ੍ਹਾਂ ਕਿਹਾ ਕਿ ਅਰਥਚਾਰਾ ਗੰਭੀਰ ਸੰਕਟ ‘ਚ ਘਿਰ ਰਿਹਾ ਹੈ, ਬੇਰੁਜ਼ਗਾਰੀ ਵੱਧ ਰਹੀ ਹੈ ਤੇ ਰੁਪਏ ਦੀ ਕੀਮਤ ਡਿੱਗ ਰਹੀ ਹੈ। -ਪੀਟੀਆਈ



Source link