ਰਾਏਪੁਰ, 27 ਅਕਤੂਬਰ
ਝਾਰਖੰਡ ਦੇ ਰਾਜਪਾਲ ਰਮੇਸ਼ ਬੈਸ ਨੇ ਕਿਹਾ ਕਿ ਉਨ੍ਹਾਂ ‘ਲਾਭ ਵਾਲਾ ਅਹੁਦਾ’ ਕੇਸ, ਜਿਸ ਨੇ ਸੂਬੇ ਵਿੱਚ ਵੱਡਾ ਸਿਆਸੀ ਸੰਕਟ ਖੜ੍ਹਾ ਕਰ ਦਿੱਤਾ ਸੀ, ਵਿੱਚ ‘ਇੱਕ ਵਾਰ ਫਿਰ ਰਾਏ’ ਮੰਗੀ ਹੈ। ਇਸ ਕੇਸ ਦੇ ਹਵਾਲੇ ਨਾਲ ਭਾਜਪਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਅਹੁਦੇ ਤੋਂ ਲਾਂਭੇ ਕੀਤੇ ਜਾਣ ਦੀ ਲਗਾਤਾਰ ਮੰਗ ਕਰ ਰਹੀ ਹੈ। ਦੀਵਾਲੀ ਦੇ ਤਿਓਹਾਰ ਲਈ ਆਪਣੇ ਪਿੱਤਰੀ ਸ਼ਹਿਰ ਰਾਏਪੁਰ ਆਏ ਬੈਸ ਨੇ ਲੰਘੇ ਦਿਨ ਦਾਅਵਾ ਕੀਤਾ ਸੀ ਕਿ ‘ਝਾਰਖੰਡ ਵਿੱਚ ਐਟਮ ਬੰਬ ਕਿਸੇ ਵੇਲੇ ਵੀ ਫਟ ਸਕਦਾ ਹੈ’, ਜੋ ਅਸਿੱਧੇ ਤੌਰ ‘ਤੇ ਉਨ੍ਹਾਂ ਕੋਲ ਇਸ ਕੇਸ ‘ਚ ਫੈਸਲੇ ਲਈ ਬਕਾਇਆ ਪਈ ਫਾਈਲ ਵੱਲ ਇਸ਼ਾਰਾ ਸੀ।
‘ਲਾਭ ਵਾਲਾ ਅਹੁਦਾ’ ਕੇਸ ਵਿੱਚ ਮੁੱਖ ਮੰਤਰੀ ਸੋਰੇਨ ਨੂੰ ਅਯੋਗ ਠਹਿਰਾਉਣ ਬਾਰੇ ਭਾਜਪਾ ਵੱਲੋਂ ਦਾਇਰ ਅਪੀਲ ‘ਤੇ ਚੋਣ ਕਮਿਸ਼ਨ ਨੇ 25 ਅਗਸਤ ਨੂੰ ਆਪਣਾ ਫੈਸਲਾ ਝਾਰਖੰਡ ਦੇ ਰਾਜਪਾਲ ਨੂੰ ਭੇਜ ਦਿੱਤਾ ਸੀ। ਚੋਣ ਕਮਿਸ਼ਨ ਦੇ ਫੈਸਲੇ ਨੂੰ ਭਾਵੇਂ ਅਜੇ ਤੱਕ ਅਧਿਕਾਰਤ ਤੌਰ ‘ਤੇ ਜਨਤਕ ਨਹੀਂ ਕੀਤਾ ਗਿਆ, ਪਰ ਅਜਿਹੇ ਕਿਆਸ ਲਾਏ ਜਾ ਰਹੇ ਹਨ ਕਿ ਚੋਣ ਪੈਨਲ ਨੇ ਕੋਲਾ ਖਾਣ ਦੀ ਲੀਜ਼ ਨਾਲ ਜੁੜੇ ਕੇਸ ਵਿਚ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਵਿਧਾਇਕ ਵਜੋਂ ਅਯੋਗ ਠਹਿਰਾਏ ਜਾਣ ਦੀ ਸਿਫਾਰਸ਼ ਕੀਤੀ ਹੈ। ਸੋਰੇਨ ਸਰਕਾਰ ਦੇ ਮੰਤਰੀਆਂ ਵੱੱਲੋਂ ਸਿਆਸੀ ਬਦਲਾਖੋਰੀ ਤਹਿਤ ਝਾਰਖੰਡ ਸਰਕਾਰ ਨੂੰ ਅਸਥਿਰ ਕਰਨ ਦੇ ਲਾਏ ਦੋਸ਼ਾਂ ਬਾਰੇ ਪੁੱਛੇ ਜਾਣ ‘ਤੇ ਰਾਜਪਾਲ ਨੇ ਕਿਹਾ, ”ਜੇਕਰ ਮੇਰਾ ਕੋਈ ਅਜਿਹਾ ਇਰਾਦਾ ਹੁੰਦਾ ਤਾਂ ਹੁਣ ਤੱਕ ਮੈਂ ਚੋਣ ਕਮਿਸ਼ਨ ਦੀ ਸਿਫਾਰਸ਼ ‘ਤੇ ਅਧਾਰਿਤ ਫ਼ੈਸਲਾ ਲੈ ਲਿਆ ਹੁੰਦਾ। ਪਰ ਮੈਂ ਕਿਸੇ ਨੂੰ ਬਦਨਾਮ ਕਰਨ ਲਈ ਜਾਂ ਬਦਲਾਖੋਰੀ ਦੇ ਇਰਾਦੇ ਨਾਲ ਕੋਈ ਕਾਰਵਾਈ ਨਹੀਂ ਕਰਨੀ ਚਾਹੁੰਦਾ। ਮੈਂ ਇਸ ਮਸਲੇ ‘ਤੇ ਮੁੜ ਮਾਹਿਰਾਂ ਦੀ ਰਾਏ ਮੰਗੀ ਹੈ।” -ਪੀਟੀਆਈ