ਫਲਾਂ ਦੀਆਂ ਰੇਹੜੀਆਂ ਨੂੰ ਅੱਗ ਲੱਗੀ

ਫਲਾਂ ਦੀਆਂ ਰੇਹੜੀਆਂ ਨੂੰ ਅੱਗ ਲੱਗੀ


ਰੂਪਨਗਰ (ਜਗਮੋਹਨ ਸਿੰਘ): ਇੱਥੇ ਰਾਮ ਲੀਲਾ ਗਰਾਊਂਡ ਨੇੜੇ ਫਲਾਂ ਨਾਲ ਭਰੀਆਂ ਲਗਭਗ 15 ਰੇਹੜੀਆਂ ਸੜ ਕੇ ਸੁਆਹ ਹੋ ਗਈਆਂ। ਇਸ ਸਬੰਧੀ ਪੀੜਤ ਫਲ ਵਿਕਰੇਤਾਵਾਂ ਨੇ ਦੱਸਿਆ ਕਿ ਛੱਠ ਪੂਜਾ ਦਾ ਤਿਉਹਾਰ ਹੋਣ ਕਾਰਨ ਉਨ੍ਹਾਂ ਵਧੀਆ ਫਲ ਫਰੂਟ ਮੰਗਵਾ ਕੇ ਰੇਹੜੀਆਂ ਸਜਾਉਣ ਮਗਰੋਂ ਰਾਮ ਲੀਲਾ ਨੇੜੇ ਗੁਦਾਮ ਵਿੱਚ ਖੜ੍ਹਾਈਆਂ ਹੋਈਆਂ ਸਨ ਤੇ ਅੱਜ ਸਵੇਰੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਗੁਦਾਮ ਵਿੱਚ ਅੱਗ ਲੱਗ ਗਈ ਹੈ। ਜਦੋਂ ਉਹ ਮੌਕੇ ‘ਤੇ ਪੁੱਜੇ ਉਦੋਂ ਤੱਕ ਉਨ੍ਹਾਂ ਦੀਆਂ ਰੇਹੜੀਆਂ ਸੜ ਚੁੱਕੀਆਂ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਲਗਭਗ 15 ਰੇਹੜੀਆਂ ਜੋ ਫਲਾਂ ਨਾਲ ਭਰੀਆਂ ਹੋਈਆਂ ਸਨ, ਸੜ ਗਈਆਂ ਹਨ ਅਤੇ ਉਨ੍ਹਾਂ ਦਾ ਲਗਭਗ 5-6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਸਬੰਧੀ ਐੱਸ.ਐੱਚ.ਓ. ਸਿਟੀ ਪਵਨ ਕੁਮਾਰ ਨੇ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਤਾਂ ਇਹ ਮਾਮਲਾ ਸ਼ਾਰਟ ਸਰਕਟ ਦਾ ਹੀ ਜਾਪਦਾ ਹੈ, ਪਰ ਫਿਰ ਵੀ ਪੁਲੀਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਵਾਪਰਨ ਤੋਂ ਬਾਅਦ ਹਲਕਾ ਵਿਧਾਇਕ ਦਿਨੇਸ਼ ਚੱਢਾ ਦੀ ਟੀਮ ਨੇ ਭਾਗ ਸਿੰਘ ਮਦਾਨ ਦੀ ਅਗਵਾਈ ਵਿੱਚ ਮੌਕੇ ‘ਤੇ ਪਹੁੰਚ ਕੇ ਪੀੜਤਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੁਆਵਜ਼ਾ ਦਵਾਉਣ ਦਾ ਭਰੋਸਾ ਦਿੱਤਾ।



Source link