ਮੰਡੀ, 5 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਹਮਲਾ ਕਰਦਿਆਂ ਕਿਹਾ ਹੈ ਕਿ ਉਸ ਨੇ ਹਮੇਸ਼ਾ ਹਿਮਾਚਲ ਪ੍ਰਦੇਸ਼ ਨੂੰ ਅਣਗੌਲਿਆ ਕੀਤਾ ਅਤੇ ਛੋਟਾ ਸੂਬਾ ਹੋਣ ਕਰਕੇ ਉਹ ਇਥੋਂ ਲੋਕ ਸਭਾ ਲਈ ਤਿੰਨ ਤੋਂ ਚਾਰ ਸੰਸਦ ਮੈਂਬਰ ਹੀ ਭੇਜਦੇ ਰਹੇ। ਸੁੰਦਰਨਗਰ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,”ਇਕੱਠੇ ਅਸੀਂ ਹਿਮਾਚਲ ਨੂੰ ਅਗਾਂਹ ਲਿਜਾਵਾਂਗੇ। ਨਵਾਂ ਰਿਵਾਜ਼ ਸ਼ੁਰੂ ਕਰਕੇ ਭਾਜਪਾ ਨੂੰ ਮੁੜ ਸੱਤਾ ‘ਚ ਲਿਆਓ।” ਜ਼ਿਕਰਯੋਗ ਹੈ ਕਿ ਪਹਾੜੀ ਸੂਬੇ ਹਿਮਾਚਲ ਦਾ ਇਤਿਹਾਸ ਰਿਹਾ ਹੈ ਕਿ ਇਥੋਂ ਦੇ ਲੋਕ ਇਕੋ ਪਾਰਟੀ ਨੂੰ ਸੱਤਾ ‘ਚ ਆਉਣ ਦਾ ਲਗਾਤਾਰ ਦੂਜੀ ਵਾਰ ਮੌਕਾ ਨਹੀਂ ਦਿੰਦੇ ਹਨ। ਭਾਜਪਾ ਇਸ ਸਮੇਂ ਸੂਬੇ ਦੀ ਸੱਤਾ ‘ਤੇ ਕਾਬਜ਼ ਹੈ ਅਤੇ ਉਹ ਸੱਤਾ ਬਹਾਲ ਰੱਖਣ ਲਈ ਹਰ ਹੀਲਾ ਵਰਤ ਰਹੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਸੌੜੀ ਮਾਨਸਿਕਤਾ ਕਰਕੇ ਕਾਂਗਰਸ ਨੇ ਕਦੇ ਵੀ ਹਿਮਾਚਲ ਦੇ ਵਿਕਾਸ ਨੂੰ ਤਰਜੀਹ ਨਹੀਂ ਦਿੱਤੀ ਅਤੇ ਸੂਬਾ ਪੱਛੜਦਾ ਚਲਾ ਗਿਆ। ਉਨ੍ਹਾਂ ਕਾਂਗਰਸ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੇ ਪਹਿਲਾ ਘੁਟਾਲਾ ਰੱਖਿਆ ਸੈਕਟਰ ‘ਚ ਕੀਤਾ ਸੀ। ਉਨ੍ਹਾਂ ਕਿਹਾ ਕਿ ਆਪਣੀ ਸਰਕਾਰ ਸਮੇਂ ਕਾਂਗਰਸ ਨੇ ਹਮੇਸ਼ਾ ਰੱਖਿਆ ਸੌਦਿਆਂ ‘ਚ ਕਮਿਸ਼ਨ ਲਿਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ ਕੀਤੇ ਹਨ। -ਪੀਟੀਆਈ
‘ਖੁਦ ਨੂੰ ਇਮਾਨਦਾਰ ਅਖਵਾਉਣ ਵਾਲੇ ਸਭ ਤੋਂ ਜ਼ਿਆਦਾ ਭ੍ਰਿਸ਼ਟ’
ਸੋਲਨ ‘ਚ ‘ਆਪ’ ‘ਤੇ ਹਮਲਾ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਣੇ ਆਪ ਨੂੰ ਕੱਟੜ ਇਮਾਨਦਾਰ ਅਖਵਾਉਣ ਵਾਲੇ ਸਭ ਤੋਂ ਜ਼ਿਆਦਾ ਭ੍ਰਿਸ਼ਟ ਹਨ। ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਪਣੇ ਹਿਮਾਚਲ ਨਾਲ ਜੁੜਾਅ ਦਾ ਹੋਕਾ ਦਿੰਦਿਆਂ ਲੋਕਾਂ ਨੂੰ ਕਮਲ ਦੇ ਫੁੱਲ ‘ਤੇ ਵੋਟ ਪਾਉਣ ਲਈ ਕਿਹਾ। ‘ਆਪ’ ਦੀ ਛੋਟੀਆਂ ਪਾਰਟੀਆਂ ਨਾਲ ਤੁਲਨਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਪਾਰਟੀਆਂ ਝੂਠੇ ਵਾਅਦੇ ਕਰਕੇ ਇਕ ਅੱਧ ਸੂਬੇ ‘ਚ ਸਰਕਾਰ ਬਣਾ ਲੈਂਦੀਆਂ ਹਨ ਜਾਂ ਕੁਝ ਸੀਟਾਂ ਜਿੱਤ ਲੈਂਦੀਆਂ ਹਨ। ਆਪਣੇ ਭਾਸ਼ਨ ਦੌਰਾਨ ਉਨ੍ਹਾਂ ‘ਆਪ’ ਦਾ ਨਾਮ ਤੱਕ ਨਹੀਂ ਲਿਆ ਪਰ ਉਨ੍ਹਾਂ ਦਾ ਸਿੱਧਾ ਇਸ਼ਾਰਾ ਖੇਤਰੀ ਪਾਰਟੀ ਵੱਲ ਸੀ ਜਿਸ ਨੇ ਗੁਜਰਾਤ ‘ਚ ਵੀ ਭਾਜਪਾ ਨੂੰ ਟੱਕਰ ਦਿੱਤੀ ਹੋਈ ਹੈ।