ਕਟਿਹਾਰ, 7 ਨਵੰਬਰ
ਬਿਹਾਰ ਦੇ ਕਟਿਹਾਰ ਜ਼ਿਲ੍ਹੇ ਵਿੱਚ ਅੱਜ ਇੱਕ ਸਥਾਨਕ ਭਾਜਪਾ ਨੇਤਾ ਦੀ ਉਨ੍ਹਾਂ ਦੇ ਘਰ ਨੇੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਭਾਜਪਾ ਦੀ ਕਟਿਹਾਰ ਜ਼ਿਲ੍ਹੇ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਸਨ। ਪੁਲੀਸ ਨੇ ਦੱਸਿਆ ਕਿ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਸੰਜੀਵ ਮਿਸ਼ਰਾ ਤੇਲਤਾ ਥਾਣੇ ਅਧੀਨ ਇਲਾਕੇ ਵਿੱਚ ਆਪਣੇ ਘਰ ਨੇੜੇ ਕੁਝ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ ਕਿ ਮੋਟਰਸਾਈਕਲ ‘ਤੇ ਆਏ ਦੋ ਵਿਅਕਤੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਅਧਿਕਾਰੀ ਮੁਤਾਬਕ, ”ਮਿਸ਼ਰਾ ਨੂੰ ਤੁਰੰਤ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਲਿਆਂਦਾ ਕਰਾਰ ਦੇ ਦਿੱਤਾ ਗਿਆ। ਹਮਲਾਵਰ ਮੌਕੇ ਤੋਂ ਫਰਾਰ ਹੋਣ ‘ਚ ਸਫਲ ਹੋ ਗਏ।” ਉਨ੍ਹਾਂ ਦੱਸਿਆ ਕਿ ਘਟਨਾ ਸਵੇਰੇ ਲਗਪਗ 8 ਵਜੇ ਵਾਪਰੀ ਜਿਸ ਦੇ ਕੁਝ ਘੰਟਿਆਂ ਬਾਅਦ ਹੀ ਮਿਸ਼ਰਾ ਦੇ ਸਮਰਥਕ ਥਾਣੇ ਦੇ ਬਾਹਰ ਇਕੱਠੇ ਹੋ ਗਏ ਅਤੇ ਹਿੰਸਕ ਹੁੰਦਿਆਂ ਪੁਲੀਸ ਦੇ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਇਸੇ ਦੌਰਾਨ ਭਾਜਪਾ ਸੂਬਾ ਤਰਜਮਾਨ ਨਿਖਿਲ ਆਨੰਦ ਨੇ ਕਿਹਾ ਕਿ ਜਦੋਂ ਤੋਂ ਮਹਾਗੱਠਬੰਧਨ ਸਰਕਾਰ ਸੱਤਾ ਵਿੱਚ ਆਈ ਹੈ, ਸਿਆਸੀ ਕਤਲ ਸ਼ੁਰੂ ਹੋ ਗਏ ਹਨ। -ਪੀਟੀਆਈ