ਕ੍ਰਿਸ਼ਨਾਨਗਰ, 9 ਨਵੰਬਰ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਨਾਗਰਿਕਤਾ ਸੋਧ ਐਕਟ (ਸੀਏਏ) ਤੇ ਕੌਮੀ ਨਾਗਰਿਕ ਰਜਿਸਟਰ (ਐੱਨਆਰਸੀ) ਨੂੰ ਅਗਾਮੀ ਗੁਜਰਾਤ ਚੋਣਾਂ ਨੂੰ ਧਿਆਨ ਵਿਚ ਰੱਖ ਕੇ ‘ਵਰਤ’ ਰਹੀ ਹੈ। ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਕਿਹਾ ਕਿ ਉਹ ਕਦੇ ਵੀ ਪੱਛਮੀ ਬੰਗਾਲ ਵਿਚ ਸੀਏਏ ਨੂੰ ਲਾਗੂ ਨਹੀਂ ਹੋਣ ਦੇਵੇਗੀ। ਬੈਨਰਜੀ ਨੇ ਭਾਜਪਾ ‘ਤੇ ਬੰਗਾਲ ਵਿਚ ਵੱਖਵਾਦ ਨੂੰ ਸ਼ਹਿ ਦੇਣ ਦਾ ਦੋਸ਼ ਵੀ ਲਾਇਆ। ਮੁੱਖ ਮੰਤਰੀ ਨੇ ਕਿਹਾ ਕਿ ਉਹ ਕਦੇ ਵੀ ਰਾਜ ਦੀ ਵੰਡ ਨਹੀਂ ਹੋਣ ਦੇਵੇਗੀ। ਮਮਤਾ ਨੇ ਕਿਹਾ, ‘ਜਦ ਵੀ ਚੋਣਾਂ ਆਉਂਦੀਆਂ ਹਨ, ਭਾਜਪਾ ਸੀਏਏ ਅਤੇ ਐਨਆਰਸੀ ਲਾਗੂ ਕਰਨ ਦੀ ਗੱਲ ਕਰਨ ਲੱਗ ਪੈਂਦੀ ਹੈ। ਹੁਣ ਗੁਜਰਾਤ ਚੋਣਾਂ ਤੇ ਅਗਾਮੀ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖ ਭਾਜਪਾ ਨੇ ਦੁਬਾਰਾ ਸੀਏਏ ਦਾ ਰਾਗ਼ ਛੇੜ ਲਿਆ ਹੈ।’ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਸਵਾਲ ਉਠਾਇਆ, ‘ਭਾਜਪਾ ਫ਼ੈਸਲਾ ਕਰੇਗੀ ਕਿ ਕੌਣ ਨਾਗਰਿਕ ਹੈ ਤੇ ਕੌਣ ਨਹੀਂ?’ ਕ੍ਰਿਸ਼ਨਾਨਗਰ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਕਿਹਾ ਕਿ ‘ਮਤੂਆ ਪੂਰੀ ਤਰ੍ਹਾਂ ਇਸ ਦੇਸ਼ ਦੇ ਨਾਗਰਿਕ ਹਨ।’ ਜ਼ਿਕਰਯੋਗ ਹੈ ਕਿ ਸਿਆਸੀ ਤੌਰ ‘ਤੇ ਤਾਕਤਵਰ ਮਤੂਆ ਭਾਈਚਾਰੇ ਦੀਆਂ ਜੜ੍ਹਾਂ ਪੂਰਬੀ ਬੰਗਾਲ ਵਿਚ ਹਨ ਜੋ ਹੁਣ ਬੰਗਲਾਦੇਸ਼ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਉੱਤਰ 24 ਪਰਗਣਾ ਜ਼ਿਲ੍ਹੇ ਤੇ ਨਦੀਆ ਵਿਚ ਰਹਿੰਦੇ ਹਨ। ਬੈਨਰਜੀ ਨੇ ਦੋਸ਼ ਲਾਇਆ ਕਿ ਭਾਜਪਾ ਰਾਜਬੰਸ਼ੀਆਂ ਤੇ ਗੋਰਖਿਆਂ ਨੂੰ ਬੰਗਾਲ ਦੇ ਉੱਤਰੀ ਹਿੱਸਿਆਂ ਵਿਚ ਭੜਕਾ ਕੇ ਵੱਖਵਾਦ ਨੂੰ ਹੁਲਾਰਾ ਦੇ ਰਹੀ ਹੈ। ਮਮਤਾ ਨੇ ਕਿਹਾ ਕਿ ਭਾਜਪਾ 2024 ਵਿਚ ਜਿੱਤ ਨਹੀਂ ਸਕੇਗੀ ਕਿਉਂਕਿ ਕਈ ਸੂਬਿਆਂ ਵਿਚ ਇਹ ਸੱਤਾ ਪਹਿਲਾਂ ਹੀ ਗੁਆ ਚੁੱਕੀ ਹੈ ਤੇ ਕਈ ਜਗ੍ਹਾ ਗੁਆਉਣ ਦੀ ਕੰਢੇ ਹੈ। -ਪੀਟੀਆਈ